ਪੱਤਰ ਪ੍ਰੇਰਕ
ਰਾਜਪੁਰਾ, 13 ਸਤੰਬਰ
ਸਿਹਤ ਵਿਭਾਗ ਦੀ ਟੀਮ ਵੱਲੋਂ ਰਾਜਪੁਰਾ ਟਾਊਨ ਦੇ ਮੁੱਖ ਬਾਜ਼ਾਰਾਂ ਵਿੱਚ ਕਰਿਆਨੇ ਦੀਆਂ ਦੁਕਾਨਾਂ ਉਪਰ ਛਾਪੇ ਮਾਰ ਕੇ ਉਥੋਂ ਖਾਣ-ਪੀਣ ਦੀਆਂ ਵਸਤਾਂ ਦੇ ਨਮੂਨੇ ਲੈ ਕੇ ਜਾਂਚ ਲਈ ਲੈਬਾਰਟਰੀ ਨੂੰ ਭੇਜੇ ਹਨ। ਜਿਉਂ ਹੀ ਸਿਹਤ ਵਿਭਾਗ ਦੀ ਟੀਮ ਸ਼ਹਿਰ ਵਿੱਚ ਦਾਖਲ ਹੋਈ ਤਾਂ ਬਹੁਗਿਣਤੀ ਦੁਕਾਨਦਾਰਾਂ ਵੱਲੋਂ ਆਪਣੀਆਂ ਕਰਿਆਨੇ ਦੀਆਂ ਦੁਕਾਨਾਂ ਸਮੇਤ ਹੋਰ ਖਾਧ ਪਦਾਰਥਾਂ ਦੀਆਂ ਵਿਕਰੀ ਵਾਲੀ ਦੁਕਾਨਾਂ ਦੇ ਸ਼ਟਰ ਹੇਠਾਂ ਸੁੱਟ ਕੇ ਇੱਧਰ-ਉਧਰ ਹੋ ਗਏ। ਸਿਹਤ ਵਿਭਾਗ ਦੇ ਜ਼ਿਲ੍ਹਾ ਫੂਡ ਸੇਫਟੀ ਅਫਸਰ ਪੁਨੀਤ ਸ਼ਰਮਾ, ਗਗਨਦੀਪ ਕੌਰ ਅਤੇ ਕੰਵਰ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਕਰਿਆਨੇ ਦੀ ਦੁਕਾਨਾਂ ਵਿੱਕੀ ਕਰਿਆਨਾ ਸਟੋਰ, ਅਸ਼ੋਕ ਕਰਿਆਨੇ, ਰਾਧੇ ਸ਼ਾਮ ਕਰਿਆਨਾ ਸਟੋਰ ਸਮੇਤ ਹੋਰਨਾਂ ਦੁਕਾਨਾਂ ਤੋਂ ਚਾਹਪੱਤੀ, ਮਸਾਲਾ, ਅਲਸੀ, ਸਰ੍ਹੋਂ ਦਾ ਤੇਲ, ਰਸ ਸਮੇਤ ਹੋਰ ਖਾਣ-ਪੀਣ ਦੀਆਂ ਵਸਤਾਂ ਦੇ ਨਮੂਨੇ ਜਾਂਚ ਲਈ ਲਏ। ਇਸ ਮੌਕੇ ਫੂਡ ਸੇਫਟੀ ਅਫਸਰ ਪੁਨੀਤ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਹ ਰੁਟੀਨ ਚੈਕਿੰਗ ਹੈ। ਜਿਹੜੀ ਕਿ ਕੁਝ ਖਪਤਕਾਰਾਂ ਵੱਲੋਂ ਕੀਤੀ ਗਈਆਂ ਸ਼ਿਕਾਇਤਾਂ ਦੇ ਆਧਾਰ ’ਤੇ ਫੂਡ ਸੇਫਟੀ ਐਕਟ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਕੀਤੀ ਹੈ।