ਖੇਤਰੀ ਪ੍ਰਤੀਨਿਧ
ਪਟਿਆਲਾ, 12 ਨਵੰਬਰ
ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਵੱਲੋਂ ਜ਼ਿਲ੍ਹਾ ਸਿਹਤ ਅਫਸਰ ਡਾ. ਸ਼ੈਲੀ ਜੇਤਲੀ ਦੀ ਅਗਵਾਈ ਹੇਠ ਮਠਿਆਈਆਂ ਦੀਆਂ ਦੁਕਾਨਾਂ ਤੋਂ ਨੌਂ ਸੈਂਪਲ ਭਰੇ ਗਏ। ਟੀਮ ਵਿੱਚ ਫੂਡ ਸੁਰਖਿਆ ਅਫਸਰ ਗਗਨਦੀਪ ਕੌਰ ਵੀ ਸ਼ਾਮਲ ਸਨ। ਟੀਮ ਵੱਲੋਂ ਭਾਦਸੋਂ ਰੋਡ ’ਤੇ ਸਥਿਤ ਬੀਕਾਨੇਰ ਮਿਸ਼ਠਾਨ ਭੰਡਾਰ ਤੋਂ ਮਿਲਕ ਕੇਕ, ਗੁਲਾਬ ਜਾਮੁਨ ਅਤੇ ਮਟਰ, ਭਾਦਸੋਂ ਰੋਡ ’ਤੇ ਹੀ ਸਥਿਤ ਸੇਵਕ ਸਵੀਟਸ ਤੋਂ ਬੇਸਨ ਦੇ ਲੱਡੂ ਅਤੇ ਰਸਗੁੱਲੇ, ਰਣਜੀਤ ਨਗਰ ਸਥਿਤ ਉੱਪਲ ਸਵੀਟਸ ਤੋਂ ਰਸਗੁੱਲੇ ਅਤੇ ਖੋਆ ਬਰਫੀ, ਸਾਈਕਲ ਬਜ਼ਾਰ ’ਚ ਸਥਿਤ ਪ੍ਰਕਾਸ਼ ਸਵੀਟਸ ਤੋਂ ਗੁਲਾਬ ਜਾਮੁਨ ਅਤੇ ਮਿਲਕ ਕੇਕ ਦੇ ਸੈਂਪਲ ਭਰੇ ਗਏ। ਜ਼ਿਲ੍ਹਾ ਸਿਹਤ ਅਫਸਰ ਡਾ. ਸ਼ੈਲੀ ਜੇਤਲੀ ਨੇ ਦੱਸਿਆ ਕਿ ਭਰੇ ਗਏ ਇਹ ਸੈਂਪਲ ਲੈਬਾਰਟਰੀ ਵਿੱਚ ਜਾਂਚ ਲਈ ਭੇਜੇ ਗਏ ਹਨ ਅਤੇ ਲੈਬਾਰਟਰੀ ਜਾਂਚ ਤੋਂ ਬਾਅਦ ਜੇਕਰ ਸੈਂਪਲ ਫੇਲ੍ਹ ਪਾਏ ਗਏ, ਤਾਂ ਸਬੰਧਤ ਮਾਲਕਾਂ ਖ਼ਿਲਾਫ਼ ਫੂਡ ਸੇਫਟੀ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਫੂਡ ਸੈਂਪਲਿੰਗ ਦੌਰਾਨ ਫੂਡ ਸੇਫਟੀ ਅਫ਼ਸਰ ਗਗਨਦੀਪ ਕੌਰ ਵੱਲੋਂ ਕੋਵਿਡ ਤੋਂ ਬਚਾਅ ਸਬੰਧੀ ਦੁਕਾਨਦਾਰਾਂ ਨੂੰ ਜਾਗਰੂਕ ਵੀ ਕੀਤਾ ਗਿਆ।