ਪੱਤਰ ਪ੍ਰੇਰਕ
ਪਟਿਆਲਾ, 23 ਜੁਲਾਈ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਵਿਭਾਗੀ ਮੁਖੀ ਸ੍ਰੀ ਵਿੱਪਲ ਉਜਵਲ ਆਈ.ਏ.ਐੱਸ. ਨਾਲ ਹੋਈ। ਵਿਭਾਗੀ ਮੁਖੀ ਨਾਲ ਡਾਇਰੈਕਟਰ ਸ੍ਰੀ ਅਸ਼ਵਨੀ ਅਰੋੜਾ, ਐੱਫ਼.ਓ. ਸੁਨੀਲ ਬਿੰਦਰਾ, ਜਸਵਿੰਦਰ ਸਿੰਘ ਸੀਨੀਅਰ ਸਹਾਇਕ ਆਦਿ ਦਫ਼ਤਰੀ ਅਮਲਾ ਸ਼ਾਮਲ ਹੋਇਆ। ਜਥੇਬੰਦੀ ਵੱਲੋਂ ਸੂਬਾ ਪ੍ਰਧਾਨ ਹਰੀ ਸਿੰਘ ਟੌਹੜਾ, ਗਿਆਨ ਸਿੰਘ ਘਨੌਲੀ ਰੋਪੜ, ਨਿਰਭੈ ਸਿੰਘ ਸੰਗਰੂਰ, ਰਾਕੇਸ਼ ਬਾਤਿਸ਼ ਪਟਿਆਲਾ, ਪਰਮਜੀਤ ਸਿੰਘ ਮੋਗਾ, ਸੁਖਚੈਨ ਸਿੰਘ ਸੰਧੂ ਮੋਹਾਲੀ, ਕੁਲਦੀਪ ਸਿੰਘ, ਦਵਿੰਦਰ ਸਿੰਘ ਆਦਿ ਆਗੂ ਸ਼ਾਮਲ ਹੋਏ। ਹਰੀ ਸਿੰਘ ਟੌਹੜਾ ਨੇ ਆਖਿਆ ਕਿ ਵਿਭਾਗੀ ਮੁਖੀ ਨਾਲ ਹੋਈ ਮੀਟਿੰਗ ਤੋਂ ਉਨ੍ਹਾਂ ਨੂੰ ਕਾਫੀ ਆਸਾਂ ਹਨ। ਵਿਭਾਗੀ ਮੁਖੀ ਨੇ ਭਰੋਸਾ ਦਿਵਾਇਆ ਕਿ ਪੰਜਾਬ ਪੱਧਰ ਦੀ ਸੀਨੀਅਰਤਾ ਸੂਚੀ ਵਿਚ ਜੋ ਤਰੁੱਟੀਆਂ ਹਨ, ਉਨ੍ਹਾਂ ਤਰੁੱਟੀਆਂ ਨੂੰ ਸੋਧ ਕੇ ਸੀਨੀਅਰਤਾ ਸੂਚੀ ਜਲਦੀ ਹੀ ਜਾਰੀ ਕਰ ਦਿੱਤੀ ਜਾਵੇਗੀ। ਜਿਨ੍ਹਾਂ ਟੈਕਨੀਕਲ ਕਰਮਚਾਰੀਆਂ ਨੂੰ 50:30:20 ਦੇ ਅਨੁਪਾਤ ਨਾਲ ਸਕੇਲ ਦੇਣਾ ਬਣਦਾ ਹੈ, ਉਨ੍ਹਾਂ ਨੂੰ ਬਣਦੀ ਮਿਤੀ ਤੋਂ ਸਕੇਲ ਦਿੱਤਾ ਜਾਵੇਗਾ।