ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਜੁਲਾਈ
ਮੰਗਾਂ ਮਨਵਾਉਣ ਲਈ 40 ਦਿਨਾਂ ਤੋਂ ਪੰਜਾਬੀ ਯੂਨੀਵਰਸਿਟੀ ਵਿੱਚ ਵੀਸੀ ਦਫਤਰ ਦੇ ਬਾਹਰ ਧਰਨਾ ਦੇ ਕੇ ਬੈਠੇ ਗੈਸਟ ਫੈਕਲਟੀ ਕਾਂਸਟੀਚੁਐਂਟ/ ਨੇਬਰਹੁੱਡ ਅਧਿਆਪਕਾਂ ਨੇ ਅੱਜ ਥਾਲੀਆਂ ਖੜਕਾ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ 12 ਮਹੀਨੇ ਡਿਊਟੀ ਲੈ ਕੇ ਤਨਖਾਹਾਂ ਕੇਵਲ ਅੱਠ ਮਹੀਨਿਆਂ ਹੀ ਦਿੱਤੀਆਂ ਜਾ ਰਹੀਆਂ ਹਨ। ਯੂਨੀਅਨ ਆਗੂ ਗੁਰਸੇਵਕ ਸਿੰਘ ਮੂਣਕ ਨੇ ਕਿਹਾ ਕਿ ਸਾਲ ਦੇ ਬਾਕੀ ਚਾਰ ਮਹੀਨੇ ਉਨ੍ਹਾਂ ਦਾ ਹਾਲ ਭੁੱਖੇ ਮਾਰਨ ਵਾਲਾ ਹੋ ਜਾਂਦਾ ਹੈ। ਇਸ ਕਰਕੇ ਹੀ ਅੱਜ ਖਾਲੀ ਭਾਂਡੇ ਖੜਕਾਅ ਕੇ ਪ੍ਰਦਰਸ਼ਨ ਕੀਤਾ ਗਿਆ ਹੈ ਤਾਂ ਜੋ ਇਸ ਦੀ ਆਵਾਜ਼ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਕੰਨਾ ਤੱਕ ਅੱਪੜ ਸਕੇ। ਇਨ੍ਹਾਂ ਟੀਚਰਾਂ ਦੀ ਹਮਾਇਤ ’ਚ ਅੱਜ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾਈ ਪ੍ਰਧਾਨ ਡਾ. ਦਰਸ਼ਨਪਾਲ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।
ਇਸੇ ਦੌਰਾਨ ਪੰਜਾਬੀ ਯੂਨੀਵਰਿਸਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਵੱਲੋਂ ਅੱਜ ਮੁੜ ਉਪ-ਕੁਲਪਤੀ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਕਰਦਿਆਂ ਪੂਟਾ ਦੇ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਵਿਰਕ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਹੀਨੇ ਦੇ ਅੰਤ ਤੱਕ ਅਧਿਆਪਕਾਂ ਦੀਆਂ ਤਨਖਾਹਾਂ ਸਮੇਂ ਸਿਰ ਜਾਰੀ ਕਰਨ ਦੀ ਕਾਰਵਾਈ ਯਕੀਨੀ ਨਾ ਬਣਾਈ ਗਈ ਤਾਂ ਅਗਸਤ ’ਚ ਉਹ ਤਿੱਖਾ ਸੰਘਰਸ਼ ਉਲੀਕਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਕਾਫ਼ੀ ਸਮੇਂ ਤੋਂ ਹਰ ਵਾਰ ਦੋ ਮਹੀਨਿਆਂ ਦੀ ਤਨਖਾਹ ਬਕਾਇਆ ਰੱਖੀ ਜਾ ਰਹੀ ਹੈ ਤੇ ਇਹ ਵਰਤਾਰਾ ਕਈ ਮਹੀਨਿਆਂ ਤੋਂ ਜਾਰੀ ਹੈ। ਇਸ ਕਾਰਨ ਅਧਿਆਪਕਾਂ ਦਾ ਘਰੇਲੂ ਬਜਟ ਵਿਗੜ ਰਿਹਾ ਹੈ।