ਖੇਤਰੀ ਪ੍ਰਤੀਨਿਧ
ਪਟਿਆਲਾ, 23 ਜੁਲਾਈ
ਆਪਣੀਆਂ ਮੰਗਾਂ ਦੀ ਪੂਰਤੀ ਲਈ ਸਵਾ ਮਹੀਨੇ ਤੋਂ ਲਗਾਤਾਰ ਪੰਜਾਬੀ ਯੂਨੀਵਰਸਿਟੀ ਵਿੱਚ ਉਪ ਕੁਲਪਤੀ ਦਫ਼ਤਰ ਅੱਗੇ ਧਰਨਾ ਦਿੰਦੇ ਆ ਰਹੇ ਗੈਸਟ ਫੈਕਲਟੀ ਕਾਂਸਟੀਚੁਐਂਟ ਅਧਿਆਪਕਾਂ ਦੇ ਵਫ਼ਦ ਨੇ ਇੱਕ ਦਿਨ ਪਹਿਲਾਂ ਹੀ ਉਚੇਰੀ ਸਿੱਖਿਆ ਬਾਰੇ ਮੰਤਰੀ ਮੀਤ ਹੇਅਰ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਤੋਂ 12 ਮਹੀਨੇ ਕੰਮ ਲੈ ਕੇ ਤਨਖਾਹ ਸਿਰਫ਼ ਅੱਠ ਮਹੀਨਿਆਂ ਦੀ ਹੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹਰੇਕ ਸੈਸ਼ਨ ਦੇ ਪਹਿਲੇ ਪੰਜ ਦਿਨਾਂ ਦੀ ਸਾਰੇ ਟੀਚਰਾਂ ਦੀ ਬਰੇਕ ਪਾ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣੀਆਂ ਸੇਵਾਵਾਂ ਪੱਕੀਆਂ ਕਰਵਾਉਣ ਦੇ ਯੋਗ ਨਾ ਹੋ ਸਕਣ। ਉਨ੍ਹਾਂ ਨੇ ਦੋਵਾਂ ਮੰਗਾਂ ਦੀ ਪੂਰਤੀ ਸਮੇਤ ਸੇਵਾਵਾਂ ਰੈਗੂਲਰ ਕਰਨ ’ਤੇ ਵੀ ਜ਼ੋਰ ਦਿੱਤਾ। ਜਥੇਬੰਦੀ ਦੇ ਸੂਬਾਈ ਆਗੂ ਗੁਰਸੇਵਕ ਸਿੰਘ ਮੂਣਕ ਨੇ ਦੱਸਿਆ ਕਿ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਨ ਦਾ ਭਰੋਸਾ ਦਿੱਤਾ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਧਰਨਾ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ।