ਗੁਰਨਾਮ ਸਿੰਘ ਅਕੀਦਾ
ਪਟਿਆਲਾ, 12 ਮਾਰਚ
ਆਮ ਆਦਮੀ ਪਾਰਟੀ ਦੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਪਿੰਡ ਬਾਰਨ ਦੇ ਸ਼ਹੀਦ ਬਾਬਾ ਜੈ ਸਿੰਘ ਖਲਕਟ ਦੇ ਇਤਿਹਾਸਕ ਸਥਾਨ ਨਾਲ ਵੱਡਾ ਧੋਖਾ ਕੀਤਾ ਹੈ, ਹੁਣ ਸਾਡੀ ਸਰਕਾਰ ਸ਼ਹੀਦਾਂ ਦਾ ਸਤਿਕਾਰ ਕਰਦੀ ਹੋਈ ਜੋ ਗ਼ਲਤੀਆਂ ਬਾਦਲ ਦਲ ਤੇ ਕਾਂਗਰਸ ਨੇ ਕੀਤੀਆਂ ਹਨ ਉਸ ਨੂੰ ਦਰੁਸਤ ਕਰੇਗੀ। ਡਾ. ਬਲਬੀਰ ਸਿੰਘ ਇੱਥੇ ਪਿੰਡ ਬਾਰਨ ਵਿਚ ਸ਼ਹੀਦ ਬਾਬਾ ਜੈ ਸਿੰਘ ਖਲਕਟ ਦੇ ਸ਼ਹੀਦੀ ਸਥਾਨ ’ਤੇ ਚੱਲ ਰਹੇ ਤਿੰਨ ਰੋਜ਼ਾ ਸਹੀਦੀ ਸਮਾਗਮ ਵਿਚ ਪੁੱਜੇ ਸਨ। ਉਨ੍ਹਾਂ ਕੋਲ ਸ਼ਹੀਦੀ ਸਥਾਨ ਦਾ ਪ੍ਰਬੰਧ ਚਲਾ ਰਹੀ ਕਮੇਟੀ ਨੇ ਕਈ ਮਸਲੇ ਰੱਖੇ। ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਇੱਥੇ 11 ਕਰੋੜ ਨਾਲ ਇਤਿਹਾਸਕ ਸਥਾਨ ਬਣਾਉਣ ਦਾ ਐਲਾਨ ਕੀਤਾ ਸੀ, ਨੀਂਹ ਪੱਥਰ ਵੀ ਰੱਖ ਗਏ ਸਨ। ਇਸ ਸਬੰਧੀ ਦੋ ਕਰੋੜ ਰੁਪਏ ਦਾ ਚੈੱਕ ਵੀ ਦੇ ਗਏ ਸਨ ਪਰ ਉਹ ਦੋ ਕਰੋੜ ਰੁਪਏ ਕਿੱਥੇ ਗਏ ਉਸ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੈ। ਹੁਣ ਇਸ ਦੀ ਜਾਂਚ ਹੋਵੇਗੀ।