ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਜੁਲਾਈ
ਸਟਾਰਟਅੱਪ ਪੰਜਾਬ ਤਹਿਤ ਨਵੇਂ ਉਦਮ, ਕਾਰੋਬਾਰ ਸਮੇਤ ਸਨਅਤਾਂ ਦੀ ਸ਼ੁਰੂਆਤ ਕਰਨ ਦੇ ਚਾਹਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਦਿਆਂ ਢੁਕਵਾਂ ਮੰਚ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਦੇਸ਼ ਭਰ ’ਚੋਂ ਪਹਿਲਾ ਤੇ ਨਿਵੇਕਲਾ ਉਪਰਾਲਾ ਕਰਕੇ ‘ਫਿਊਚਰ ਟਾਈਕੂਨਜ਼-ਸਟਾਰਟਅੱਪ ਚੈਲੈਂਜ’ ਮੁਕਾਬਲਾ ਕਰਵਾਇਆ। ਇਥੇ ਥਾਪਰ ਇੰਸਟੀਚਿਊਟ ਵਿੱਚ ਚਾਰ ਜੇਤੂ ਉਦਮੀਆਂ ਨੂੰ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਹੈ ਕਿ ਸਰਕਾਰ ਸਵੈ-ਰੁਜ਼ਗਾਰ ਤੇ ਸਟਾਰਟਅੱਪ ਨੂੰ ਉਤਸ਼ਾਹਤ ਕਰਨ ਲਈ ਨਵੇਂ ਉਦਮੀਆਂ ਦੀ ਬਾਂਹ ਫੜੇਗੀ।
ਮੰਤਰੀ ਨੇ ਕਿਹਾ ਕਿ ਸਰਕਾਰ ਹੁਨਰਮੰਦਾਂ ਨੂੰ ਆਪਣਾ ਰੁਜ਼ਗਾਰ ਤੇ ਕਾਰੋਬਾਰ ਸ਼ੁਰੂ ਲਈ ਕਰਜ਼ੇ ਦੀ ਸਹੂਲਤ ਤੇ ਐੱਨ.ਓ.ਸੀਜ਼ ਸਮੇਤ ਹੋਰ ਤਕਨੀਕੀ ਸਹਾਇਤਾ ਵੀ ਇੱਕ ਛੱਤ ਹੇਠਾਂ ਪ੍ਰਦਾਨ ਕਰਵਾ ਰਹੀ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਉਨ੍ਹਾਂ ਨੇ ਵਿਦਿਆਰਥੀਆਂ, ਨੌਜਵਾਨਾਂ, ਸਵੈ-ਸਹਾਇਤਾ ਗਰੁੱਪਾਂ, ਮਹਿਲਾਵਾਂ, ਦਿਵਿਆਂਗਜਨਾਂ ਤੇ ਕਾਰੋਬਾਰੀਆਂ ਜਾਂ ਆਮ ਲੋਕਾਂ ਦੇ ਸੁਪਨਮਈ ਪ੍ਰਾਜੈਕਟਾਂ ਨੂੰ ਅੱਗੇ ਲਿਆ ਕੇ ਅਸਲ ’ਚ ਰੂਪਮਾਨ ਕਰਨ ਲਈ ਫਿਊਚਰ ਟਾਈਕੂਨਜ਼ ਰਾਹੀਂ ਢੁਕਵਾਂ ਮੰਚ ਪ੍ਰਦਾਨ ਕੀਤਾ ਹੈ।
ਮੁਲਾਜ਼ਮ ਯੂਨੀਅਨ ਨੇ ਸਿਹਤ ਮੰਤਰੀ ਨੂੰ ਮੰਗ ਪੰਤਰ ਸੌਂਪਿਆ
‘ਨਸ਼ਾ ਛੁਡਾਊ ਮੁਲਾਜ਼ਮ ਯੂਨੀਅਨ’ ਦੇ ਇੱਕ ਵਫ਼ਦ ਨੇ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਆਪਣੀਆਂ ਮੰਗਾਂ ਲਈ ਯੂਨੀਅਨ ਦੇ ਸੂਬਾਈ ਪ੍ਰਧਾਨ ਪਰਮਿੰਦਰ ਸਿੰਘ ਦੀ ਅਗਵਾਈ ਹੇਠਾਂ ਅੱਜ ਇਥੇ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੂੰ ਮੰਗ ਪੱਤਰ ਦਿੱਤਾ ਹੈ। ਇਸ ਮੌਕੇ ਸੂਬਾਈ ਮੀਤ ਪ੍ਰਧਾਨ ਕਰਨਵੀਰ ਸਿੰਘ ਅਤੇ ਪਰਮਜੀਤ ਲਾਲ ਸਮੇਤ ਹੋਰ ਅਹੁਦੇਦਾਰ ਵੀ ਮੌਜੂਦ ਸਨ। ਪ੍ਰਧਾਨ ਨੇ ਦੱਸਿਆ ਕਿ ਅੱਜ ਦੀ ਇਸ ਮੁਲਾਕਾਤ ਦੌਰਾਨ ਮੰਤਰੀ ਨੇ ਨਸ਼ਾ ਮੁਕਤੀ ਕੇਂਦਰਾਂ ਵਿਚਲੇ ਮੁਲਾਜ਼ਮ ਦੀਆਂ ਮੁਸ਼ਕਲਾਂ ਅਤੇ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਨ ਦਾ ਭਰੋਸਾ ਦਿੱਤਾ।
ਜੌੜਾਮਾਜਰਾ ਵੱਲੋਂ ਸੁਖਬੀਰ ਬਾਦਲ ਦੀ ਆਲੋਚਨਾ
ਸਮਾਣਾ (ਸੁਭਾਸ਼ ਚੰਦਰ): ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਅੱਜ ਪਬਲਿਕ ਕਾਲਜ ਸਮਾਣਾ ਵਿੱਚ ਸਨਮਾਨ ਕੀਤਾ ਗਿਆ। ਇਸ ਮੌਕੇ ਚੇਤਨ ਸਿੰਘ ਜੌੜਾਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਸਪਤਾਲਾਂ ਦੀ ਹੇਠਲੇ ਪੱਧਰ ’ਤੇ ਜਾਂਚ ਕਰਕੇ ਉਨ੍ਹਾਂ ਵਿੱਚ ਸਾਜ਼ੋ-ਸਾਮਾਨ, ਦਵਾਈਆਂ ਅਤੇ ਸਟਾਫ ਦੀ ਜੋ ਘਾਟ ਨਜ਼ਰ ਆ ਰਹੀ ਹੈ ਉਸ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਕਾਲੀ ਦਲ ਕੋਲ ਲੋਕਾਂ ਨੂੰ ਗੁਮਰਾਹ ਕਰਨ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ। ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕਾਰਜਕਾਲ ਦੌਰਾਨ ਭਾਜਪਾ ਨਾਲ ਸਾਂਝੀਵਾਲ ਹੁੰਦਿਆਂ ਪੰਜਾਬ ਦੇ ਹੱਕਾਂ ਦੀ ਕੋਈ ਵੀ ਗੱਲ ਕੇਂਦਰ ਵਿਚ ਨਹੀਂ ਰੱਖੀ।