ਰਵੇਲ ਸਿੰਘ ਭਿੰਡਰ
ਪਟਿਆਲਾ, 5 ਮਈ
ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ’ਚ ਅੱਧ ਅਸਮਾਨੇ ਲਟਕੇ ਦੋ ਬੇਰੁਜ਼ਗਾਰ ਅਧਿਆਪਕਾਂ ਦੀ ਸਾਰ ਲੈਣ ਲਈ ਸਰਕਾਰ ਕੋਲ ਵਿਹਲ ਨਹੀਂ ਹੈ। ਲਿਹਾਜ਼ਾ ਦੋਵੇਂ ਬੇਰੁਜ਼ਗਾਰ ਅਧਿਆਪਕ ਹਰਜੀਤ ਤੇ ਸੁਰਿੰਦਰਪਾਲ ਪਿਛਲੇ 46 ਦਿਨਾਂ ਤੋਂ 200 ਫੁੱਟ ਉੱਚੇ ਟਾਵਰ ’ਤੇ ਚੜ੍ਹਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ। ਰੁਜ਼ਗਾਰ ਪ੍ਰਾਪਤੀ ਲਈ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ’ਚ ਟਾਵਰ ਸੰਘਰਸ਼ ਇਸ ਲਈ ਆਰੰਭਿਆ ਸੀ ਕਿ ਸ਼ਾਇਦ ਸਰਕਾਰ ਦੀ ਨਜ਼ਰ ’ਚ ਉਨ੍ਹਾਂ ਦੀ ਮੰਗ ਜਲਦੀ ਘਰ ਕਰੇਗੀ ਪਰ ਅਜਿਹਾ ਸੰਭਵ ਨਾ ਹੋਣ ਤੋਂ ਬੇਰੁਜ਼ਗਾਰ ਅਧਿਆਪਕਾਂ ’ਚ ਵੱਡੀ ਨਿਰਾਸ਼ਾ ਪਣਪਣ ਲੱਗੀ ਹੈ। ਦੋਵੇਂ ਟਾਵਰ ਸੰਘਰਸ਼ੀ ਸਿਹਤ ਨਾਸਾਜ਼ ਦੇ ਬਾਵਜੂਦ ਭਾਵੇਂ ਟਾਵਰ ’ਤੇ ਚੜ੍ਹਕੇ ਵਿੱਢੇ ਰੋਸ ਸੰਘਰਸ਼ ’ਚ ਮਸਰੂਫ਼ ਹਨ ਪਰ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਾਇਦ ਹਾਲੇ ਅਜਿਹੇ ਸੰਘਰਸ਼ ਦੀ ਚਿੰਤਾ ਨਹੀਂ ਹੈ। ਮੇਜਬਾਨ ਜਥੇਬੰਦੀ ਬੇਰੁਜ਼ਗਾਰ ਈ.ਟੀ.ਟੀ.ਅਧਿਆਪਕ ਟੈੱਟ ਪਾਸ ਯੂਨੀਅਨ ਨਾਲ ਭਾਵੇਂ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਦਫ਼ਤਰ ਪੱਧਰ ਦੀਆਂ ਕਈ ਵਾਰ ਬੈਠਕਾਂ ਹੋਈਆਂ ਹਨ ਪਰ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੀਆਂ ਮੰਗਾਂ ਤੇ ਮਸਲੇ ਹਾਲੇ ਕਿਸੇ ਤਣ ਪੱਤਣ ਨਹੀਂ ਲੱਗਦੇ ਵਿਖਾਈ ਦੇ ਰਹੇ ਹਨ। ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਤੇ ਸੂਬਾ ਪ੍ਰੈੱਸ ਸਕੱਤਰ ਦੀਪ ਬਨਾਰਸੀ ਨੇ ਆਖਿਆ ਕਿ ਸਰਕਾਰ ਦੇ ਗੈਰ ਸੰਜੀਦਾ ਰਵੱਈਏ ਨੂੰ ਲੈ ਕੇ ਬੇਰੁਜ਼ਗਾਰ ਅਧਿਆਪਕਾਂ ’ਚ ਸਰਕਾਰ ਖ਼ਿਲਾਫ਼ ਰੋਸ ਦੀ ਲਹਿਰ ਵੱਧ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਿਹਤ ਨਾਸਾਜ਼ ਦੀ ਵਜ੍ਹਾ ਕਾਰਨ ਦੋਵੇਂ ਸੰਘਰਸ਼ੀ ਇੱਕ ਦੂਜੇ ਦਾ ਸਹਾਰਾ ਬਣ ਕੇ ਜ਼ਿੰਦਗੀ ਕੱਟਣ ਲਈ ਮਜਬੂਰ ਹਨ। ਉਧਰ ਯੂਨੀਅਨ ਵੱਲੋਂ ਸਰਕਾਰ ਦੇ ਰਵੱਈਏ ਨੂੰ ਲੈ ਕੇ ਅਗਲੇ ਦਿਨੀਂ ਅਹਿਮ ਬੈਠਕ ਕਰਕੇ ਅਗਲੀ ਰਣਨੀਤੀ ਉਲੀਕਣ ਬਾਰੇ ਵੀ ਵਿਚਾਰ ਕੀਤੀ ਜਾਣ ਲੱਗੀ ਹੈ।