ਖੇਤਰੀ ਪ੍ਰਤੀਨਿਧ
ਪਟਿਆਲਾ, 23 ਜੂਨ
ਇੱਥੇ 15 ਜੂਨ ਤੋਂ ਕਰਵਾਏ ਜਾ ਰਹੇ ਆਮ ਇਜਲਾਸ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੀਆਂ 655 ਗਰਾਮ ਪੰਚਾਇਤਾਂ ਵਿੱਚ ਆਮ ਇਜਲਾਸ ਕਰਵਾਏ ਜਾ ਚੁੱਕੇ ਹਨ ਅਤੇ ਅਤੇ ਰਹਿੰਦੀਆਂ ਗਰਾਮ ਪੰਚਾਇਤਾਂ ਵਿੱਚ 26 ਜੂਨ ਤੱਕ ਇਜਲਾਸ ਕਰਵਾਏ ਜਾਣਗੇ। ਆਮ ਇਜਲਾਸਾਂ ‘ਚ ਵੱਖ-ਵੱਖ ਵਿਕਾਸ ਕੰਮਾਂ, ਗਰਾਮ ਪੰਚਾਇਤਾਂ ਵੱਲੋਂ ਲਏ ਗਏ ਅਹਿਮ ਫੈਸਲੇ, ਸਵੱਛ ਤੇ ਹਰੀ-ਭਰੀ ਪੰਚਾਇਤ, ਸਿਹਤਮੰਦ ਪਿੰਡ, ਚੰਗਾ ਸ਼ਾਸਨ, ਸਮਾਜਿਕ ਤੌਰ ’ਤੇ ਸੁਰੱਖਿਅਤ ਪਿੰਡ, ਪਾਣੀ ਭਰਪੂਰ ਪਿੰਡ, ਮਹਿਲਾਵਾਂ ਦੀ ਸ਼ਮੂਲੀਅਤ ਵਾਲਾ ਵਿਕਾਸ ਆਦਿ ਹੋਰ ਕਈ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਆਮ ਇਜਲਾਸਾਂ ਵਿੱਚ ਪਿੰਡ ਵਾਸੀਆਂ ਵੱਲੋਂ ਸ਼ਾਮਲ ਹੋਣ ਵਿੱਚ ਪੂਰਾ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਚੈਨ ਸਿੰਘ ਪਪੜਾ ਨੇ ਦੱਸਿਆ ਕਿ ਬਲਾਕ ਭੁਨਰਹੇੜੀ ਦੀਆਂ 120, ਬਲਾਕ ਪਟਿਆਲਾ ਦੀਆਂ 60, ਬਲਾਕ ਰਾਜਪੁਰਾ ਦੀਆਂ 55, ਬਲਾਕ ਸ਼ੰਭੂ ਕਲਾਂ ਦੀਆਂ 60, ਬਲਾਕ ਘਨੌਰ ਦੀਆਂ 45, ਬਲਾਕ ਪਾਤੜਾਂ ਦੀਆਂ 81, ਬਲਾਕ ਸਮਾਣਾ ਦੀਆਂ 45, ਬਲਾਕ ਪਟਿਆਲਾ ਦਿਹਾਤੀ ਦੀਆਂ 34, ਬਲਾਕ ਨਾਭਾ ਦੀਆਂ 105, ਬਲਾਕ ਸਨੌਰ ਦੀਆਂ 50 ਕੁੱਲ 655 ਗਰਾਮ ਪੰਚਾਇਤਾਂ ਵਿੱਚ ਆਮ ਇਜਲਾਸ ਕਰਵਾਏ ਗਏ ਹਨ।