ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਮਾਰਚ
ਅੱਜ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨਾਲ ਭਾਵੇਂ ਕਿ ਸਾਰੀ ਸਿਆਸੀ ਤਸਵੀਰ ਸਾਫ਼ ਹੋ ਜਾਵੇਗੀ ਪਰ ਇਸ ਵਾਰ ਚੋਣ ਪਿੜ ਦੇ ਬਣੇ ਹਾਲਾਤ ’ਤੇ ਪੰਛੀ ਝਾਤ ਮਾਰਦਿਆਂ ਦੇਖਿਆ ਜਾਵੇ ਤਾਂ ਕਈ ਦਿੱਗਜ ਆਗੂਆਂ ਦਾ ਭਵਿੱਖ ਦਾਅ ’ਤੇ ਲੱਗਾ ਨਜ਼ਰ ਆਉਂਦਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਰਜੀਤ ਸਿੰਘ ਰੱਖੜਾ ਸਮੇਤ ਲਾਲ ਸਿੰਘ ਅਤੇ ਬ੍ਰਹਮ ਮਹਿੰਦਰਾ ਵਰਗੇ ਦਿੱਗਜ ਆਗੂ ਚੱਕਰਾਂ ਵਿੱਚ ਪਏ ਹੋਏ ਹਨ। ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ, ਤਾਂ ਐਤਕੀਂ ਉਨ੍ਹਾਂ ਨੂੰ ‘ਆਪ’ ਉਮੀਦਵਾਰ ਅਜੀਤਪਾਲ ਕੋਹਲੀ ਵੱਲੋਂ ਸਖ਼ਤ ਟੱਕਰ ਦਿੱਤੀ ਮੰਨੀ ਜਾ ਰਹੀ ਹੈ। ਉੱਧਰ ਹੋ ਸਕਦਾ ਹੈ ਕਿ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਘਨੌਰ ਦੇ ਲੋਕ ਵਿਧਾਇਕ ਬਣਾ ਕੇ 37 ਸਾਲ ਪੁਰਾਣਾ ਰਿਕਾਰਡ ਤੋੜ ਦੇਣ, ਪਰ ਚੋਣ ਨਤੀਜੇ ਸਾਹਮਣੇ ਆਉਣ ਤੱਕ ਉਨ੍ਹਾਂ ਦਾ ਭਵਿੱਖ ਵੀ ਦਾਅ ’ਤੇ ਲੱਗੇ ਹੋਣ ਵਾਲੇ ਹੀ ਹਾਲਾਤ ਬਣੇ ਹੋਏ ਹਨ। ਐਤਕੀਂ ਉਨ੍ਹਾਂ ਦੇ ਮੁਕਾਬਲੇ ਹਲਕੇ ’ਚ ਚੰਗਾ ਆਧਾਰ ਰੱਖਣ ਵਾਲੇ ਕਾਂਗਰਸੀ ਵਿਧਾਇਕ ਮਦਨਲਾਲ ਜਲਾਲਪੁਰ ਤੋਂ ਇਲਾਵਾ ਰਾਜਨੀਤਕ ਖੇਤਰ ਵਿੱਚ ਬਿਲਕੁਲ ਨਵੇਂ ਤੇ ਥਾਣੇਦਾਰੀ ਛੱਡ ਕੇ ਚੋਣ ਪਿੜ ’ਚ ਨਿੱਤਰੇ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ‘ਗੁਰਲਾਲ ਘਨੌਰ ‘ਆਪ’ ਉਮੀਦਵਾਰ ਨਾਲ ਲੋਕਾਂ ਦੀ ਹਮਦਰਦੀ ਸਮਝੀ ਜਾ ਰਹੀ ਹੈ।
ਛੇ ਵਾਰ ਵਿਧਾਇਕ ਬਣੇ ਕਾਂਗਰਸੀ ਆਗੂ ਬ੍ਰਹਮ ਮਹਿੰਦਰਾ ਵੱਲੋਂ ਆਪਣੀ ਥਾਂ ਪਟਿਆਲਾ ਦਿਹਾਤੀ ਹਲਕੇ ਤੋਂ ਉਤਾਰੇ ਵਕੀਲ ਪੁੱਤ ਮੋਹਿਤ ਮਹਿੰਦਰਾ ਦਾ ਨਾਂ ਭਾਵੇਂ ਜੇਤੂਆਂ ’ਚ ਵੀ ਬੋਲਦਾ ਹੈ, ਪਰ ਨਾਲ ਹੀ ਪਹਿਲੀ ਵਾਰ ਹੀ ਹਾਰ ਦੀ ਚਰਚਾ ਤਹਿਤ ਪਿਓ-ਪੁੱਤਾਂ ਦਾ ਹੀ ਭਵਿੱਖ ਦਾਅ ’ਤੇ ਲੱਗਿਆ ਸਮਝਿਆ ਜਾ ਰਿਹਾ ਹੈ। ਇਹੀ ਹਾਲਾਤ ਸਮਾਣਾ ’ਚ ਹਨ, ਜਿੱਥੇ ਲਾਲ ਸਿੰਘ ਨੇ ਆਪਣੇ ਵਿਧਾਇਕ ਪੁੱਤਰ ਕਾਕਾ ਰਾਜਿੰਦਰ ਸਿੰਘ ਨੂੰ ਦੂਜੀ ਵਾਰ ਮੈਦਾਨ ’ਚ ਉਤਾਰਿਆ ਹੈ। ਸਮੁੱਚੇ ਜ਼ਿਲ੍ਹੇ ’ਚ ਸਮਾਣਾ ਤੋਂ ਹੀ ਅਕਾਲੀ ਦਲ ਨੂੰ ਜਿੱਤ ਦੀ ਮੁਕੰਮਲ ਆਸ ਦੀ ਚਰਚਾ ਹੋਣ ਦੇ ਬਾਵਜੂਦ ਇੱਥੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦਾ ਭਵਿੱਖ ਵੀ ਦਾਅ ’ਤੇ ਹੈ। ਚਰਚਾ ਹੈ ਕਿ ਕਿਤੇ ਰੱਖੜਾ ਨੂੰ ਰਾਜਨੀਤਕ ਖੇਤਰ ’ਚ ਨਵਾਂ ਨਕੋਰ ‘ਆਪ’ ਦਾ ਚੇਤਨ ਸਿੰਘ ਜੌੜਾਮਾਜਰਾ ਹੀ ਨਾ ਢਾਹ ਲਵੇ। ਉੱਧਰ ਪੰਜ ਵਾਰ ਵਿਧਾਇਕ ਬਣ ਚੁੱਕੇ ਨਾਭਾ ਤੋਂ ਕਾਂਗਰਸੀ ਉਮੀਦਵਾਰ ਸਾਧੂ ਸਿੰਘ ਧਰਮਸੋਤ ਨੂੰ ਵੀ ‘ਆਪ’ ਦੇ ਦੇਵ ਮਾਨ ਤੋਂ ਖਤਰਾ ਨਜ਼ਰ ਆ ਰਿਹਾ ਹੈ। ਰਾਜਪੁਰਾ ’ਚ ਭਾਜਪਾ ਦੇ ਜਗਦੀਸ਼ ਜੱਗਾ ਅਤੇ ‘ਆਪ’ ਦੀ ਨੀਨਾ ਮਿੱਤਲ ਨੇ ਕਾਂਗਰਸੀ ਹਰਦਿਆਲ ਕੰਬੋਜ ਨੂੰ ਸਖਤ ਟੱਕਰ ਦਿੱਤੀ ਹੋਈ ਹੈ।