ਖੇਤਰੀ ਪ੍ਰਤੀਨਿਧ
ਪਟਿਆਲਾ, 29 ਅਕਤੂਬਰ
ਸਿੰਚਾਈ ਅਤੇ ਜਲ ਸਰੋਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਵੱਲੋਂ ਵਿਭਾਗ ਦੇ ਚੌਥਾ ਦਰਜਾ ਦਫਤਰੀ ਅਤੇ ਫੀਲਡ ਸਟਾਫ ਨੂੰ ਆਨਲਾਈਨ ਹਾਜ਼ਰੀ ਲਾਉਣ ਲਈ ਜਾਰੀ ਕੀਤੇ ਗਏ ਆਦੇਸ਼ਾਂ ਦਾ ਮਾਮਲਾ ਤੂਲ ਫੜਨ ਲੱਗਾ ਹੈ। ਸਮਾਰਟ ਫੋਨ ਲੈਣ ਅਤੇ ਚਲਾਉਣ ਤੋਂ ਅਸਮਰੱਥ ਹੋਣ ਦੇ ਤਰਕ ਤਹਿਤ ਅਜਿਹੀ ਹਾਜ਼ਰੀ ਤੋਂ ਛੋਟ ਮੰਗਦੇ ਆ ਰਹੇ ਚੌਥਾ ਦਰਜਾ ਮੁਲਾਜ਼ਮਾਂ ਨੇ ਗੱਲ ਬਣਦੀ ਨਾ ਦੇਖ ਹੁਣ ਤਿੱਖੇ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਹੈ ਜਿਸ ਦੌਰਾਨ ਸਿੰਚਾਈ ਵਿਭਾਗ ਦੇ ਪੰਜਾਬ ਭਰ ਵਿਚਲੇ ਸਮੂਹ ਦਫਤਰਾਂ ਅੱਗੇ 3 ਨਵੰਬਰ ਨੂੰ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਖਿਲਾਫ਼ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਐਲਾਨ ਅੱਜ ਇਥੇ ਸਿੰਚਾਈ ਵਿਭਾਗ ਦੇ ਚੌਥਾ ਅਤੇ ਹੋਰ ਫੀਲਡ ਕਾਮਿਆਂ ਦੀਆਂ ਜਥੇਬੰਦੀਆਂ ਦੇ ਸੂਬਾਈ ਆਗੂਆਂ ਸੁਖਦੇਵ ਸਿੰਘ ਸੁਰਤਾਪੁਰੀ, ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾਂ- ਜਸਵਿੰਦਰ ਪਾਲ ਉੱਘੀ, ਵੇਦ ਪ੍ਰਕਾਸ਼ ਜਲੰਧਰ ਨੇ ਸਾਂਝੇ ਤੌਰ ’ਤੇ ਕੀਤਾ। ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਆਨ ਲਾਈਨ ਹਾਜ਼ਰੀ ਲਾਉਣ ਦੇ ਜਾਰੀ ਕੀਤੇ ਗਏ ‘ਤੁਗਲਕੀ ਫਰਮਾਨ’ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ।