ਪੱਤਰ ਪ੍ਰੇਰਕ
ਲਹਿਰਾਗਾਗਾ, 8 ਫਰਵਰੀ
ਪਿਛਲੇ ਹਫ਼ਤੇ ਤੋਂ ਮੌਸਮ ’ਚ ਆਈ ਠੰਢ ਘਟਣ ਕਾਰਨ ਹੋਈ ਗਰਮਾਇਸ਼ ਮਗਰੋਂ ਅੱਜ ਸਵੇਰੇ ਦੁਬਾਰਾ ਪਈ ਧੁੰਦ ਨੇ ਇੱਕ ਵਾਰ ਸਵੇਰ ਵੇਲੇ ਠੰਢਕ ਵਧਾ ਦਿੱਤੀ ਹੈ ਪਰ ਦਿਨ ਦੇ ਦਸ ਵਜੇ ਧੁੱਪ ਨਿਕਲਣ ਕਰਕੇ ਲੋਕਾਂ ਨੂੰ ਠੰਢ ਤੋਂ ਰਾਹਤ ਮਿਲੀ ਗਈ। ਜਦੋਂਕਿ ਸਵੇਰੇ ਵਾਹਨ ਚਾਲਕਾਂ ਨੂੰ ਲਾਈਟਾਂ ਅਤੇ ਹਾਰਨ ਵਜਾ ਕੇ ਵਾਹਣ ਚਲਾਉਣੇ ਪਏ।
ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਮੌਸਮ ਵਿੱਚ ਤਬਦੀਲੀ ਕਰਕੇ ਹੁਣ ਠੰਢ ਸਵੇਰੇ ਸ਼ਾਮ ਦੀ ਰਹਿਣ ਕਰਕੇ ਕਈ ਨੌਜਵਾਨ ਅੱਧੀਆਂ ਬਾਹਾਂ ਦੀਆਂ ਟੀ ਸ਼ਰਟਾਂ ਪਾਉਂਦੇ ਦੇਖੇ ਜਾ ਰਹੇ ਹਨ। ਪਰ ਦਿਹਾੜੀਦਾਰ ਮਜ਼ਦੂਰ ਧੁੱਪ ਸੇਕਦੇ ਦੇਖੇ ਗਏ। ਰੇਡੀਮੇਡ ਕੱਪੜਿਆਂ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਲੋਕ ਇਸ ਵਾਰ ਫਰਵਰੀ ਮਹੀਨੇ ਵਿੱਚ ਹੀ ਗਰਮੀਆਂ ਵਾਲੇ ਕੱਪੜਿਆਂ ਦੀ ਮੰਗ ਕਰਨ ਕਰਨ ਲੱਗੇ ਹਨ ਜਿਸ ਕਾਰਨ ਉਨ੍ਹਾਂ ਦਾ ਸਿਆਲੂ ਮਾਲ ਫਸ ਗਿਆ ਹੈ।
ਉਧਰ, ਇਸ ਮੌਸਮ ਵਿੱਚ ਪੈ ਰਹੀ ਧੁੰਦ ਨੂੰ ਖੇਤੀ ਮਾਹਰ ਲਾਭਕਾਰੀ ਦੱਸ ਰਹੇ ਹਨ। ਬਲਾਕ ਖੇਤੀ ਅਫਸਰ ਡਾ. ਇੰਦਰਜੀਤ ਸਿੰਘ ਭੱਟੀ ਨੇ ਦੱਸਿਆ ਕਿ ਧੁੰਦ ਪੈਣ ਨਾਲ ਕਣਕ ਨੂੰ ਪਾਣੀ ਘੱਟ ਲਾਉਣਾ ਪਵੇਗਾ ਅਤੇ ਕਣਕ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ ਕਿਉਂਕਿ ਇਹ ਸਮਾਂ ਹੈ ਜਦੋਂ ਕਣਕ ਦੀ ਫਸਲ ਵਿੱਚ ਦਾਣਾ ਬਣਦਾ ਹੈ। ਇਸੇ ਤਰ੍ਹਾਂ ਇਹ ਮੌਸਮ ਸਬਜ਼ੀਆਂ ਲਈ ਵੀ ਲਾਭਕਾਰੀ ਹੋ ਸਕਦਾ ਹੈ।