ਜੈਸਮੀਨ ਭਾਰਦਵਾਜ
ਨਾਭਾ, 15 ਅਪਰੈਲ
ਸ਼ਹਿਰ ਦੇ ਕੂੜੇ ਦੇ ਡੰਪ ’ਤੇ ਕੱਲ੍ਹ ਤੋਂ ਅੱਗ ਬੁਝਾਉਣ ਦੀ ਕੋਸ਼ਿਸ਼ ਜਾਰੀ ਹੈ ਪਰ ਢੇਰ ਅੰਦਰ ਅੱਗ ਅਜੇ ਵੀ ਸੁਲਗ ਰਹੀ ਹੈ ਅਤੇ ਧੂੰਆਂ ਉੱਠਣਾ ਜਾਰੀ ਹੈ। ਧੂੰਏਂ ਕਾਰਨ ਦੁਲੱਦੀ ਗੇਟ ਦੇ ਆਸ-ਪਾਸ ਦੇ ਰਿਹਾਇਸ਼ੀ ਇਲਾਕੇ ਅਤੇ ਬਾਜ਼ਾਰ ਪ੍ਰਭਾਵਿਤ ਹਨ।
ਜਾਣਕਾਰੀ ਅਨੁਸਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਖ਼ਲ ਮਗਰੋਂ ਵੀਰਵਾਰ ਸ਼ਾਮ 7 ਵਜੇ ਦੇ ਕਰੀਬ ਅੱਗ ਬੁਝਾਉਣ ਲਈ ਅਮਲਾ ਉੱਥੇ ਪਹੁੰਚਿਆ ਪਰ ਲੋਕਾਂ ਮੁਤਾਬਕ ਸਾਰੀ ਰਾਤ ਅੱਗ ਸੁਲਗਦੀ ਰਹੀ। ਅਗਲੇ ਦਿਨ ਸਵੇਰੇ ਨਾਭਾ ਪ੍ਰਸ਼ਾਸਨ ਨਾਲ ਸੰਪਰਕ ਨਾ ਹੋਣ ‘ਤੇ ਜਦੋਂ ਲੋਕਾਂ ਨੇ ਪਟਿਆਲਾ ਡੀਸੀ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਤਾਂ ਸ਼ੁੱਕਰਵਾਰ ਦੁਪਹਿਰੇ ਦੁਬਾਰਾ ਉੱਥੇ ਫਾਇਰ ਟੈਂਡਰ ਭੇਜੇ ਗਏ ਪਰ ਢੇਰ ਦੇ ਅੰਦਰ ਅੱਗ ਸੁਲਗਣਾ ਅਜੇ ਵੀ ਜਾਰੀ ਹੈ।
ਪ੍ਰਦੂਸ਼ਨ ਨਾਲ ਸਬੰਧਿਤ ਮਾਮਲਿਆਂ ਦੇ ਮਾਹਰ ਰਾਜਪਾਲ ਮਖਣੀ ਨੇ ਦੱਸਿਆ ਕਿ ਕੂੜਾ ਪ੍ਰਬੰਧਨ ਦੇ ਮਾਮਲੇ ਵਿੱਚ ਐੱਨਜੀਟੀ ਦੇ ਨਿਰਦੇਸ਼ਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੂੜੇ ਦੇ ਢੇਰ ’ਚ ਜ਼ਹਿਰੀਲੀ ਤੇ ਜਲਣਸ਼ੀਲ ਮੀਥੇਨ ਗੈਸ ਬਣ ਜਾਂਦੀ ਹੈ ਜੋ ਸਿਹਤ ਲਈ ਹਾਨੀਕਾਰਕ ਹੈ। ਇਸ ਸਬੰਧੀ ਪਟਿਆਲਾ ਦੇ ਡੀਸੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਸ ਮਾਮਲੇ ’ਚ ਵਰਤੀ ਅਣਗਹਿਲੀ ਦੀ ਪੜਤਾਲ ਕੀਤੀ ਜਾਵੇਗੀ।