ਗੁਰਨਾਮ ਸਿੰਘ ਚੌਹਾਨ
ਪਾਤੜਾਂ, 29 ਅਗਸਤ
ਇੱਥੇ ਇੱਕ ਫਾਇਨਾਂਸ ਕੰਪਨੀ ਵੱਲੋਂ ਇੱਕ ਜ਼ੇਰੇ ਇਲਾਜ ਵਿਅਕਤੀ ਦੇ ਘਰ ਨੂੰ ਤਾਲਾ ਜੜਨ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਦੂਸਰੇ ਪਾਸੇ ਕੰਪਨੀ ਦੇ ਅਧਿਕਾਰੀਆਂ ਨੇ ਇਹ ਕਾਰਵਾਈ ਹਾਈ ਕੋਰਟ ਦੇ ਆਦੇਸ਼ਾਂ ਮੁਤਾਬਕ ਹੋਈ ਦੱਸੀ ਹੈ।
ਜਾਣਕਾਰੀ ਮੁਤਾਬਕ ਪਿੰਡ ਵਣਵਾਲਾ ਦੇ ਧਰਮਪਾਲ ਨੇ ਮਕਾਨ ਲਈ ਇੱਕ ਹਾਊਸਿੰਗ ਫਾਇਨਾਂਸ ਕੰਪਨੀ ਤੋਂ ਕਰਜ਼ਾ ਲਿਆ ਸੀ। ਕੁਝ ਦਿਨ ਪਹਿਲਾਂ ਸੜਕ ਹਾਦਸੇ ਵਿੱਚ ਉਹ ਜ਼ਖ਼ਮੀ ਹੋ ਗਿਆ ਸੀ ਤੇ ਇਸ ਦੌਰਾਨ ਫਾਇਨਾਂਸ ਕੰਪਨੀ ਦੇ ਅਧਿਕਾਰੀਆਂ ਨੇ ਉਸਦੇ ਪਰਿਵਾਰ ਅਤੇ ਸਾਮਾਨ ਨੂੰ ਘਰੋਂ ਬਾਹਰ ਕੱਢ ਕੇ ਜਿੰਦਰਾ ਲਾ ਦਿੱਤਾ। ਬੇਘਰ ਹੋਏ ਪਰਿਵਾਰ ਦੀ ਮਦਦ ’ਤੇ ਆਈ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜਿੰਦਰਾ ਤੋੜ ਕੇ ਘਰ ਫਿਰ ਤੋਂ ਪਰਿਵਾਰ ਦੇ ਸਪੁਰਦ ਕਰ ਦਿੱਤਾ ਹੈ। ਪਿੰਡ ਵਣਵਾਲਾ ਦੀ ਸਰੋਜ ਰਾਣੀ ਨੇ ਦੱਸਿਆ ਕਿ ਉਸ ਦੇ ਪਤੀ ਧਰਮਪਾਲ ਨੇ ਆਧਾਰ ਹਾਊਸਿੰਗ ਫਾਇਨਾਂਸ ਪਟਿਆਲਾ ਤੋਂ ਕਰਜ਼ਾ ਲੈ ਕੇ ਮਕਾਨ ਬਣਾਇਆ ਸੀ। ਉਨ੍ਹਾਂ ਵੱਲੋਂ ਕਿਸ਼ਤਾਂ ਲਗਾਤਾਰ ਦਿੱਤੀਆਂ ਜਾ ਰਹੀਆਂ ਸਨ ਪਰ ਅਚਾਨਕ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਏ ਉਸ ਦੇ ਪਤੀ ਦੀਆਂ ਦੋਵੇਂ ਲੱਤਾਂ ਵਿੱਚ ਡਾਕਟਰਾਂ ਵੱਲੋਂ ਰਾਡ ਪਾਉਣ ਕਾਰਨ ਉਨ੍ਹਾਂ ਦਾ ਸਮਾਣਾ ਦੇ ਇੱਕ ਹਸਪਤਾਲ ਵਿੱਚ ਚੱਲਦਾ ਹੈ ਤੇ ਉਹ ਕੁਝ ਕਿਸ਼ਤਾਂ ਨਹੀਂ ਭਰ ਸਕੇ।
ਉਸ ਨੇ ਦੱਸਿਆ ਕਿ ਆਧਾਰ ਹਾਊਸਿੰਗ ਫਾਇਨਾਂਸ ਪਟਿਆਲਾ ਦੇ ਅਧਿਕਾਰੀਆਂ ਨੇ ਪੁਲੀਸ ਦੀ ਮਦਦ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਘਰੇਲੂ ਸਾਮਾਨ ਨੂੰ ਗਲੀ ਵਿੱਚ ਸੁਟ ਕੇ ਘਰ ਨੂੰ ਜਿੰਦਰਾ ਮਾਰ ਦਿੱਤਾ ਸੀ। ਉਨ੍ਹਾਂ ਸਾਮਾਨ ਪਿੰਡ ਦੀ ਗੁੱਗਾ ਮੈੜੀ ਵਿੱਚ ਰੱਖ ਲਿਆ ਸੀ ਪਰ ਹੁਣ ਮੇਲਾ ਹੋਣ ਕਰਕੇ ਮੈੜੀ ਪ੍ਰਬੰਧਕਾਂ ਵੱਲੋਂ ਸਾਮਾਨ ਚੁਕਾ ਦੇਣ ’ਤੇ ਉਨ੍ਹਾਂ ਨੂੰ ਬੱਚਿਆਂ ਸਮੇਤ ਗਲੀ ਵਿੱਚ ਬੈਠਣ ਲਈ ਮਜਬੂਰ ਹੋਣਾ ਪਿਆ ਹੈ। ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਤੇ ਮਾਘ ਸਿੰਘ ਨੇ ਕਿਹਾ ਕਿ ਕਿਸਾਨ ਜਥੇਬੰਦੀ ਜ਼ਮੀਨ ਦੀ ਕੁਰਕੀ ਤੇ ਮਜ਼ਦੂਰਾਂ ਦੇ ਘਰਾਂ ਨੂੰ ਜਿੰਦਰੇ ਨਹੀਂ ਲੱਗਣ ਦੇਵੇਗੀ। ਜੇਕਰ ਫਾਇਨਾਂਸ ਕੰਪਨੀ ਤੇ ਪੁਲੀਸ ਅਧਿਕਾਰੀਆਂ ਨੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ। ਦੂਜੇ ਪਾਸੇ ਥਾਣਾ ਮੁਖੀ ਪਾਤੜਾਂ ਪ੍ਰਕਾਸ਼ ਮਸੀਹ ਨੇ ਕਿਹਾ ਕਿ ਬੀਤੇ 10 ਦਿਨ ਪਹਿਲਾਂ ਜਿਸ ਫਾਇਨਾਂਸ ਕੰਪਨੀ ਦੇ ਅਧਿਕਾਰੀਆਂ ਨੇ ਕਰਜ਼ਾ ਨਾ ਮੋੜਨ ਵਾਲੇ ਵਿਅਕਤੀ ਦੇ ਘਰ ਨੂੰ ਜਿੰਦਰਾ ਲਾਇਆ ਹੈ, ਉਹ ਹੀ ਇਸ ਮਾਮਲੇ ਸਬੰਧੀ ਜਵਾਬ ਦੇ ਸਕਦੇ ਹਨ।
ਅਦਾਲਤੀ ਫ਼ੈਸਲੇ ਮੁਤਾਬਕ ਹੀ ਕਾਰਵਾਈ ਕੀਤੀ ਗਈ: ਮੈਨੇਜਰ
ਆਧਾਰ ਹਾਊਸਿੰਗ ਫਾਇਨਾਂਸ ਪਟਿਆਲਾ ਦੇ ਮੈਨੇਜਰ ਮਨੋਜ ਕੁਮਾਰ ਨੇ ਦਾਅਵਾ ਕੀਤਾ ਕਿ ਧਰਮਪਾਲ ਵੱਲੋਂ ਦੋ ਸਾਲਾਂ ਤੋਂ ਕਿਸ਼ਤਾਂ ਨਹੀਂ ਭਰੀਆਂ ਜਾ ਰਹੀਆਂ ਸਨ ਤੇ ਇਹ ਮਾਮਲਾ ਹਾਈ ਕੋਰਟ ਵਿੱਚ ਚਲਾ ਗਿਆ ਸੀ ਤੇ ਅਦਾਲਤ ਤੋਂ ਆਏ ਫ਼ੈਸਲੇ ਮੁਤਾਬਕ ਹੀ ਕਾਰਵਾਈ ਕੀਤੀ ਗਈ ਹੈ।