ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 20 ਨਵੰਬਰ
ਰਾਜਪੁਰਾ ਦੀ ਮਿਰਚ ਮੰਡੀ ਕਲੋਨੀ ’ਚ ਸਥਿਤ ਰਾਧਾ ਕ੍ਰਿਸ਼ਨ ਮੰਦਰ ’ਚ ਮਹੰਤ ਮਾਤਾ ਲਕਸ਼ਮੀ ਦੇਵੀ ਦੀ ਅਗਵਾਈ ਹੇਠ ਪਟਨਾ ਦਾ ਪ੍ਰਸਿੱਧ ਤਿਉਹਾਰ ਛੱਠ ਪੂਜਨ ਪਰਵਾਸੀਆਂ ਤੇ ਪੰਜਾਬੀਆਂ ਨੇ ਰਲ ਕੇ ਮਨਾਇਆ। ਇਸ ਮੌਕੇ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਮੁੱਖ ਮਹਿਮਾਨ ਤੇ ਨਗਰ ਕੌਂਸਲ ਦੇ ਉਪ ਪ੍ਰਧਾਨ ਅਮਨਦੀਪ ਸਿੰਘ ਨਾਗੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਛੱਠ ਉਤਸਵ ’ਚ ਇਲਾਕੇ ਦੇ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। ਭਜਨ ਮੰਡਲੀ ਨੇ ਸੂਰਜ ਦੇਵਤਾ ਦੇ ਭਜਨ ਗਾ ਕੇ ਸੰਗਤ ਨੂੰ ਨਿਹਾਲ ਕੀਤਾ। ਪਰਵਾਸੀ ਮਹਿਲਾਵਾਂ ਨੇ ਪਾਣੀ ’ਚ ਖੜ੍ਹੇ ਹੋ ਕੇ ਸੂਰਜ ਦੇਵਤਾ ਦੀ ਅਰਾਧਨਾ ਕੀਤੀ। ਖ਼ੁਸ਼ੀ ’ਚ ਸ਼ਰਧਾਲੂਆਂ ਨੇ ਆਤਿਸ਼ਬਾਜ਼ੀ ਕੀ਼ਤੀ। ਇਸ ਮੌਕੇ ਮਹੰਤ ਮਾਤਾ ਲਕਸ਼ਮੀ ਦੇਵੀ ਨੇ ਪਰਵ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਹ ਯੂ.ਪੀ. ਤੇ ਬਿਹਾਰ ਦੇ ਲੋਕਾਂ ਦਾ ਮੁੱਖ ਤਿਉਹਾਰ ਹੈ।