ਪੱਤਰ ਪ੍ਰੇਰਕ
ਪਟਿਆਲਾ 18 ਅਗਸਤ
‘ਆਪ’ ਦੇ ਜ਼ਿਲ੍ਹਾ ਮਹਿਲਾ ਵਿੰਗ ਦੀ ਫੁੱਟ ਜੱਗ ਜ਼ਾਹਿਰ ਹੋਈ ਹੈ। ਜ਼ਿਲ੍ਹਾ ਪ੍ਰਧਾਨ ਵੀਰਪਾਲ ਕੌਰ ਚਹਿਲ ਨੇ ਇਹ ਮਾਮਲਾ ਹਾਈਕਮਾਨ ਦੇ ਧਿਆਨ ਵਿਚ ਵੀ ਲਿਆਂਦਾ ਹੈ। ਜ਼ਿਕਰਯੋਗ ਹੈ ਕਿ ਪ੍ਰੋਗਰਾਮ ਕਰਵਾਉਣ ਵਾਲੇ ਪ੍ਰਬੰਧਕਾਂ ਵੱਲੋਂ ਖਹਬਿਾਜ਼ੀ ਦੇ ਚਲਦਿਆਂ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਨੂੰ ਅੱਖੋਂ ਪਰੋਖੇ ਕੀਤਾ ਗਿਆ। ਜ਼ਿਲ੍ਹਾ ਦਿਹਾਤੀ ਤੇ ਸ਼ਹਿਰੀ ਪ੍ਰਧਾਨ ਨੇ ਵੀ ਅਰਵਿੰਦ ਕੇਜਰੀਵਾਲ ਦੇ ਮਨਾਏ ਜਨਮ ਦਿਨ ਮੌਕੇ ਸੀਮਤ ਪ੍ਰੋਗਰਾਮ ਹੀ ਰੱਖਿਆ ਸੀ। ਜਾਣਕਾਰੀ ਅਨੁਸਾਰ ‘ਆਪ’ ਮਹਿਲਾ ਵਿੰਗ ਦੀ ਸੂਬਾ ਮੀਤ ਪ੍ਰਧਾਨ ਪ੍ਰੀਤੀ ਮਲਹੋਤਰਾ ਦੀ ਅਗਵਾਈ ਵਿੱਚ ਜ਼ਿਲ੍ਹਾ ਸਕੱਤਰ ਡਿੰਪਲ ਬੱਤਾ ਤੇ ਜ਼ਿਲ੍ਹਾ ਜੁਆਇੰਟ ਸਕੱਤਰ ਪ੍ਰੀਤੀ ਸਨੌਰ ਦੀ ਦੇਖ-ਰੇਖ ਵਿਚ ਪਟਿਆਲਾ ਦੇ ਇੱਕ ਨਿੱਜੀ ਹੋਟਲ ਵਿੱਚ ਸ੍ਰੀ ਕੇਜਰੀਵਾਲ ਦੇ ਜਨਮ ਦਿਨ ਦੇ ਸਬੰਧ ਵਿੱਚ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਵੀਰਪਾਲ ਕੌਰ ਚਹਿਲ ਗ਼ੈਰਹਾਜ਼ਰ ਰਹੇ।
ਇਸ ਸਬੰਧੀ ਵੀਰਪਾਲ ਕੌਰ ਚਹਿਲ ਨੇ ਕਿਹਾ ਕਿ ਜੇ ‘ਆਪ’ ਦੇ ਮਹਿਲਾ ਵਿੰਗ ਵੱਲੋਂ ਪਟਿਆਲਾ ਸ਼ਹਿਰ ਵਿੱਚ ਕੋਈ ਸਮਾਗਮ ਕੀਤਾ ਗਿਆ ਹੈ ਤਾਂ ਉਸ ਵਿੱਚ ਉਨ੍ਹਾਂ ਨੂੰ ਨਾ ਬੁਲਾਉਣਾ ਮੰਦਭਾਗਾ ਹੈ। ਉਹ ਇਸ ਸਬੰਧੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਨੂੰ ਲਿਖਤੀ ਸ਼ਿਕਾਇਤ ਕਰਨਗੇ। ਮਾਮਲਾ ਉਂਜ ਹਾਈਕਮਾਨ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਹੈ।
ਇਸ ਸਬੰਧੀ ਪ੍ਰੀਤੀ ਮਲਹੋਤਰਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਜ਼ਿਲ੍ਹਾ ਪ੍ਰਧਾਨ ਦਾ ਫ਼ਰਜ਼ ਬਣਦਾ ਹੈ ਪਰ ਉਹ ਅਹਿਮ ਆਗੂਆਂ ਨੂੰ ਬੁਲਾਉਂਦੇ ਨਹੀਂ ਹਨ।