ਪੱਤਰ ਪ੍ਰੇਰਕ
ਘੱਗਾ, 25 ਜੂਨ
ਘੱਗਰ ਦਰਿਆ ਉਤੇ ਬੰਨ੍ਹ ਬਣਾਉਣ ਦਾ ਜਾਇਜ਼ਾ ਲੈਣ ਲਈ ਅੱਜ ਪਹੁੰਚੇ ਹਲਕਾ ਸ਼ੁਤਰਾਣਾ ਦੇ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਦਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਵਿਰੋਧ ਕਰਨ ਦੌਰਾਨ ਕਿਸਾਨ ਆਪਸ ਵਿਚ ਉਲਝ ਕੇ ਰਹਿ ਗਏ। ਜ਼ਿਕਰਯੋਗ ਹੈ ਕਿ ਪਿੰਡ ਹਰਚੰਦਪੁਰਾ ਤੋਂ ਬਾਦਸ਼ਾਹਪੁਰ ਤਕ ਘੱਗਰ ਦਰਿਆ ਦੇ ਸੱਜੇ ਪਾਸੇ ਬੰਨ੍ਹ ਬਣਾਏ ਜਾਣ ਦੇ ਮਾਮਲੇ ਉਤੇ ਘੱਗਰ ਦੇ ਖੱਬੇ ਪਾਸੇ ਦੇ ਕਿਸਾਨ ਇਤਰਾਜ਼ ਕਰ ਰਹੇ ਹਨ ਕਿ ਬੰਨ੍ਹ ਦੋਵੇਂ ਪਾਸੇ ਲਾਇਆ ਲਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਪਾਸੇ ਬੰਨ੍ਹ ਲਾਏ ਜਾਣ ਕਾਰਨ ਉਨ੍ਹਾਂ ਦਾ ਪਾਸਾ ਪਾਣੀ ਦੀ ਮਾਰ ਵਿਚ ਆ ਜਾਵੇਗਾ। ਜਾਣਕਾਰੀ ਮੁਤਾਬਿਕ ਅੱਜ ਜਦੋਂ ਹਲਕਾ ਵਿਧਾਇਕ ਨਿਰਮਲ ਸਿੰਘ ਘੱਗਰ ਦਰਿਆ ਦੇ ਬੰਨ੍ਹ ਦੇ ਕੰਮ ਦਾ ਜਾਇਜ਼ਾ ਲੈਣ ਪਹੁੰਚੇ ਤਾਂ ਕਰਾਂਤੀਕਾਰੀ ਕਿਸਾਨ ਯੂਨੀਅਨ ਦੀ ਬਲਾਕ ਪ੍ਰਧਾਨ ਬੀਬੀ ਚਰਨਜੀਤ ਕੌਰ ਕੰਗ ਦੀ ਅਗਵਾਈ ਵਿਚ ਵਿਧਾਇਕ ਦਾ ਵਿਰੋਧ ਕਰਨ ਲਈ ਕਿਸਾਨ ਇਕੱਤਰ ਹੋ ਗਏ। ਪਰ ਇਸੇ ਦੌਰਾਨ ਹੀ ਰਾਮਪੁਰ ਪੜਤਾ ਅਤੇ ਭਾਗੋਮਾਜਰੀ ਤੇ ਓਝਾਂ ਦੇ ਕਿਸਾਨਾਂ ਨੇ ਹਲਕਾ ਵਿਧਾਇਕ ਨੂੰ ਕਿਹਾ ਕਿ ਬੰਨ੍ਹ ਇਨ੍ਹਾਂ ਪਿੰਡਾਂ ਵੱਲ ਵੀ ਬਣਾਏ ਜਾਣ ਤਾਂ ਇਸ ਗੱਲ ਨੂੰ ਲੈ ਕੇ ਬਾਦਸ਼ਾਹਪੁਰ ਵਾਲੀ ਸਾਈਡ ਦੇ ਕਿਸਾਨਾਂ ਨੇ ਕਿਹਾ ਉਸ ਪਾਸੇ ਪਹਿਲਾਂ ਹੀ ਹਰਿਆਣਾ ਸਰਕਾਰ ਨੇ ਬੰਨ੍ਹ ਲਾਇਆ ਹੋਇਆ ਹੈ। ਇਸ ਗੱਲ ਦੇ ਚੱਲਦਿਆਂ ਕੁਝ ਕਿਸਾਨ ਆਗੂ ਵਿਧਾਇਕ ਦੇ ਪੱਖ ਵਿਚ ਨਿੱਤਰ ਆਏ ਅਤੇ ਯੂਨੀਅਨ ਦਾ ਆਪਸੀ ਤਕਰਾਰ ਵਧ ਗਿਆ। ਹਲਕਾ ਵਿਧਾਇਕ ਨੇ ਭਰੋਸਾ ਦਿੱਤਾ ਕਿ ਇਸ ਦਾ ਕੋਈ ਹੱਲ ਕੱਢਿਆ ਜਾਵੇਗਾ।