ਗੁਰਨਾਮ ਸਿੰਘ ਚੌਹਾਨ/ਸ਼ਾਹਬਾਜ਼ ਸਿੰਘ
ਪਾਤੜਾਂ/ਘੱਗਾ, 1 ਨਵੰਬਰ
ਇਲਾਕੇ ਦੇ ਪਿੰਡ ਜੈਖਰ ਵਿੱਚ ਪਰਾਲੀ ਦੀ ਖਪਤ ਲਈ ਲੱਗ ਰਹੀ ਫੈਕਟਰੀ ਆਰਐੱਨਜੀ ਪ੍ਰਾਈਵੇਟ ਲਿਮਟਿਡ ਦੇ ਨਾਲ ਲੱਗਦੇ ਖੇਤਾਂ ਵਿੱਚੋਂ ਪਰਾਲੀ ਨਾ ਚੁੱਕੇ ਜਾਣ ਤੋਂ ਖਫ਼ਾ ਕਿਸਾਨ ਨੇ ਖੇਤ ਵਿਚ ਪਰਾਲੀ ਦੀਆਂ ਗੱਠਾਂ ਨੂੰ ਅੱਗ ਲਗਾ ਦਿੱਤੀ। ਫੈਕਟਰੀ ਦੇ ਇੰਚਾਰਜਾਂ ਨੇ ਤੁਰੰਤ ਖੇਤੀ ਮਹਿਕਮਾ ਪਟਿਆਲਾ ਦੇ ਅਧਿਕਾਰੀ ਕੁਲਦੀਪ ਸਿੰਘ ਨੂੰ ਘਟਨਾ ਬਾਰੇ ਸੂਚਿਤ ਕੀਤਾ। ਫੈਕਟਰੀ ਇੰਚਾਰਜ ਰਮੇਸ਼ ਸ਼ਰਮਾ ਨੇ ਦੱਸਿਆ ਕਿ ਅੱਗ ਦਾ ਖਤਰਾ ਨੇੜੇ ਲੱਗਦੇ 25 ਕਿਲਿਆਂ ਵਿੱਚ ਪਰਾਲੀ ਦੇ ਢੇਰ ਨੂੰ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਖੇਤਾਂ ਵਿਚੋਂ ਬੇਲਰਾਂ ਵੱਲੋਂ ਪਰਾਲੀ ਦੀਆਂ ਤਿਆਰ ਗੱਠਾਂ ਸਮੇਂ ਸਿਰ ਚੁੱਕਵਾਈਆਂ ਜਾ ਰਹੀਆਂ ਹਨ। ਇਸੇ ਦੌਰਾਨ ਜੈਖਰ ਦੇ ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਬੇਲਰ ਲੇਟ ਆਇਆ ਤੇ ਹੁਣ ਗੱਠਾਂ ਨਹੀਂ ਚੁੱਕੀਆਂ ਜਾ ਰਹੀਆਂ ਸਨ। ਦੂਜੇ ਪਾਸੇ ਅੱਗ ਲਾਉਣ ਵਾਲੇ ਕਿਸਾਨ ਨੇ ਦੱਸਿਆ ਕਿ ਕਣਕ ਦਾ ਵੱਤਰ ਲੇਟ ਹੋ ਰਿਹਾ ਸੀ ਤੇ ਗੱਠਾਂ ਚੁੱਕੀਆਂ ਨਹੀਂ ਜਾ ਰਹੀਆਂ ਸਨ। ਪਿੰਡ ਦੇ ਸਰਪੰਚ ਮੋਹਰ ਸਿੰਘ ਨੇ ਦੱਸਿਆ ਕਿ ਬੇਲਰ ਨਾਲ ਕਿਸਾਨ ਦਾ ਸਮਝੌਤਾ ਕਰਵਾ ਦਿੱਤਾ ਜਾਵੇਗਾ ਅਤੇ ਇਸ ਬਾਰੇ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਦੱਸ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਾਬੰਦੀ ਦੇ ਬਾਵਜੂਦ ਪੰਜਾਬ ਦੇ ਕਈ ਹਿੱਸਿਆਂ ਵਿੱਚ ਪਰਾਲੀ ਸਾੜਨ ਦਾ ਰੁਝਾਨ ਜਾਰੀ ਹੈ।
ਫੈਕਟਰੀ ਦੇ ਬੇਲਰ ਵੱਲੋਂ ਸਪੱਸ਼ਟੀਕਰਨ
ਇਸੇ ਦੌਰਾਨ ਮਾਨਸਾ ਤੋਂ ਆਏ ਫੈਕਟਰੀ ਦੇ ਬੇਲਰ ਬਲਬੀਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਬੇਲਰ ਦੇ ਖਰਚੇ ਉੱਤੇ ਪਰਾਲੀ ਦੀਆਂ ਗੱਠਾਂ ਬਣਾਈਆਂ ਸਨ ਜੋ ਫੈਕਟਰੀ ਨੂੰ ਦੇਣੀਆਂ ਸਨ। ਕਿਸਾਨ ਵੱਲੋਂ ਅੱਗ ਲਾਏ ਜਾਣ ਕਾਰਨ ਉਸ ਦਾ 25 ਹਜ਼ਾਰ ਦਾ ਨੁਕਸਾਨ ਹੋ ਗਿਆ ਹੈ। ਉਸ ਨੇ ਕਿਹਾ ਕਿ ਇਸ ਆਰਥਿਕ ਨੁਕਸਾਨ ਦੀ ਭਰਪਾਈ ਹੋਣੀ ਲਾਜ਼ਮੀ ਹੈ।ਖੇਤੀ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਜੈਖਰ ਫੈਕਟਰੀ ਨਜ਼ਦੀਕ ਪਰਾਲੀ ਨੂੰ ਅੱਗ ਲਾਏ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਬਾਰੇ ਸੂਚਨਾ ਮਹਿਕਮੇ ਨੂੰ ਭੇਜ ਦਿੱਤੀ ਹੈ।