ਗੁਰਨਾਮ ਸਿੰਘ ਚੌਹਾਨ
ਪਾਤੜਾਂ, 17 ਜੂਨ
ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਦਲਿਤ ਭਾਈਚਾਰੇ ਵਿਰੁੱਧ ਬੋਲੇ ਕਥਿਤ ਮਾੜੇ ਸ਼ਬਦਾਂ ਖ਼ਿਲਾਫ਼ ਬਹੁਜਨ ਸਮਾਜ ਪਾਰਟੀ ਦੇ ਆਗੂ ਸਰਦੀਪ ਗਾਂਗਟ ਅਤੇ ਪਾਤੜਾਂ ਦੇ ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਕ੍ਰਿਸ਼ਨ ਸਿੰਘ ਕਲਿਆਣ ਦੀ ਅਗਵਾਈ ਵਿੱਚ ਰੋਸ ਮਾਰਚ ਕਰਕੇ ਕੌਮੀ ਮੁੱਖ ਮਾਰਗ ਉੱਤੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਫੂਕਿਆ ਗਿਆ। ਇਸੇ ਦੌਰਾਨ ਬਸਪਾ ਵਰਕਰਾਂ ਤੇ ਸਫ਼ਾਈ ਸੇਵਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਦਲਿਤ ਵਿਰੋਧੀ ਰਹੀ ਹੈ। ਬੀਤੇ ਦਿਨੀਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਚਮੌਕਰ ਸਾਹਿਬ ਅਤੇ ਆਨੰਦਪੁਰ ਸਹਬਿ ਦੀਆਂ ਸੀਟਾਂ ਬਹੁਤ ਹੀ ਪਵਿੱਤਰ ਹਨ ਤੇ ਦਲਿਤਾਂ ਵੱਲੋਂ ਇਨ੍ਹਾਂ ਤੋਂ ਚੋਣ ਲੜੇ ਜਾਣ ਨਾਲ ਇਹ ਅਪਵਿੱਤਰ ਹੋ ਜਾਣਗੀਆਂ। ਆਗੂਆਂ ਅਨੁਸਾਰ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਗਿਆ ਹੈ ਅਤੇ ਦਲਿਤ ਵਰਗ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਰਵਨੀਤ ਸਿੰਘ ਬਿੱਟੂ ਦੇ ਖਿਲਾਫ਼ ਕੇਸ ਦਰਜ ਨਾ ਕੀਤਾ ਗਿਆ ਤਾਂ ਕਾਂਗਰਸੀ ਆਗੂਆਂ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਖੁਸ਼ੀ ਸ਼ੇਰਗੜ੍ਹ, ਕਰਮਜੀਤ ਸਿੰਘ ਦੁਗਾਲ, ਪ੍ਰਿੰਸ ਪਾਤੜਾਂ, ਜੱਗੀ ਪਾਤੜਾਂ, ਸੁਖਬੀਰ ਦੁਗਾਲ, ਬਲਵਾਨ ਚੌਹਾਨ , ਸਨੀਟਾਂਕ, ਸ਼ਕਤੀ ਕੁਮਾਰ, ਸੋਮ ਨਾਥ, ਪਿਆਰਾ ਚੌਹਾਂਨ, ਰਵੀ ਕੁਮਤਰ ਤੇ ਹੋਰ ਆਗੂ ਮੌਜੂਦ ਸਨ।