ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਅਗਸਤ
ਇੱਥੇ ਗੁਰੂ ਨਾਨਕ ਨਗਰ ਵਿੱਚ ਘਰ ਮੂਹਰੇ ਆਟੋ ਰਿਕਸ਼ਾ ਖੜ੍ਹਾਉਣ ਤੋਂ ਰੋਕਣ ’ਤੇ ਆਟੋ ਚਾਲਕ ਨੇ ਕੁਹਾੜੀ ਨਾਲ ਹਮਲਾ ਕਰਦਿਆਂ, ਮਾਂ-ਪੁੱਤ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਨੂੰ ਇਲਾਕਾ ਵਾਸੀਆਂ ਨੇ ਬਚਾਇਆ। ਲੋਕਾਂ ਵੱਲੋਂ ਇੱਟਾਂ-ਰੋੜੇ ਚਲਾਉਣ ’ਤੇ ਜਦੋਂ ਰਿਕਸ਼ਾ ਚਾਲਕ ਭੱਜ ਨਿਕਲਿਆਂ ਤਾਂ ਇਤਲਾਹ ਮਿਲਣ ’ਤੇ ਪੁਲੀਸ ਨੇ ਉਸ ਨੂੰ ਘੇਰ ਲਿਆ ਪਰ ਉਸ ਨੇ ਪੁਲੀਸ ਮੁਲ਼ਾਜ਼ਮਾਂ ’ਤੇ ਵੀ ਕੁਹਾੜੀ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਉਸ ਨੂੰ ਭਾਰੀ ਤਰੱਦਦ ਮਗਰੋਂ ਕਾਬੂ ਕੀਤਾ ਗਿਆ। ਪੁਲੀਸ ਦੀ ਮਦਦ ਕਰ ਰਹੇ ਇੱਕ ਵਿਅਕਤੀ ’ਤੇ ਵੀ ਉਸ ਨੇ ਵਾਰ ਕਰ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਮਗਰੋਂ ਪੁਲੀਸ ਨੂੰ ਮੁਲਜ਼ਮ ਨੂੰ ਬੰਨ੍ਹ ਕੇ ਲਿਆਉਣਾ ਪਿਆ। ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਹੈ।
ਥਾਣਾ ਅਰਬਨ ਅਸਟੇਟ ਦੇ ਐੱਸ.ਐੱਚ.ਓ ਰੌਣੀ ਸਿੰਘ ਮੁਤਾਬਕ ਮੁਲਜ਼ਮ ਦੀ ਪਛਾਣ ਸਰਬਜੀਤ ਸਿੰਘ ਵਜੋਂ ਹੋਈ ਹੈ, ਜੋ ਕਈ ਸਾਲਾਂ ਤੋਂ ਆਟੋ ਰਿਕਸ਼ਾ ਚਲਾ ਰਿਹਾ ਹੈ ਤੇ ਰਾਤ ਨੂੰ ਵੀ ਆਟੋ ਰਿਕਸ਼ਾ ਵਿੱਚ ਹੀ ਸੌਂਦਾ ਹੈ। ਉਹ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਉਹ ਆਪਣਾ ਪਤਾ ਨਹੀਂ ਦੱਸ ਸਕਿਆ। ਅੱਜ ਸਵੇਰੇ ਜਦੋਂ ਉਹ ਗੁਰੂ ਨਾਨਕ ਨਗਰ ਵਿੱਚ ਇੱਕ ਘਰ ਦੇ ਸਾਹਮਣੇ ਆਟੋ ਰਿਕਸ਼ਾ ਖੜ੍ਹਾ ਕੇ ਪਿਆ ਸੀ, ਤਾਂ ਘਰ ਦੀ ਮਾਲਕਣ ਨੇ ਉਸ ਨੂੰ ਉੱਥੋਂ ਜਾਣ ਲਈ ਆਖ ਦਿੱਤਾ। ਇਸ ਤੋਂ ਭੜਕੇ ਮੁਲਜ਼ਮ ਨੇ ਔਰਤ ਦੇ ਹੱਥ ਉੱਤੇ ਅਤੇ ਉਸ ਦੇ ਲੜਕੇ ਦੇ ਪੱਟ ’ਚ ਕੁਹਾੜੀ ਮਾਰ ਕੇ ਦੋਵਾਂ ਨੂੰ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਰੌਲਾ ਸੁਣ ਕੇ ਬਚਾਅ ਲਈ ਆਏ ਮੁਹੱਲੇ ਦੇ ਲੋਕਾਂ ਦੇ ਵੀ ਉਹ ਮਗਰ ਭੱਜਿਆ ਪਰ ਲੋਕਾਂ ਨੇ ਇੱਟਾਂ ਰੋੜੇ ਵਰਸਾਉਦਿਆਂ, ਉਸ ਨੂੰ ਭਜਾ ਦਿੱਤਾ। ਥਾਣਾ ਅਰਬਨ ਅਸਟੇਟ ਅਤੇ ਥਾਣਾ ਲਾਹੌਰੀ ਗੇਟ ਅਤੇ ਪੀਸੀਆਰ ਦੇ ਮੁਲਾਜ਼ਮਾਂ ਨੇ ਮੁਸ਼ਕਲ ਨਾਲ ਉਸ ਨੂੰ ਕਾਬੂ ਕੀਤਾ ਤੇ ਬੰਨ੍ਹ ਕੇ ਥਾਣੇ ਤੱਕ ਲੈ ਆਈ।
ਮੁਲਜ਼ਮ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ
ਥਾਣਾ ਅਰਬਨ ਅਸਟੇਟ ਦੇ ਐੱਸਐੱਚਓ ਨੇ ਰੌਣੀ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ 307 ਤਹਿਤ ਕੇਸ ਦਰਜ ਕਰ ਲਿਆ ਹੈ।