ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਅਕਤੂਬਰ
ਕੰਮ ਦੌਰਾਨ ਬਹੁਤੇ ਵਰਗ ਥਕਾਵਟ ਸਮੇਤ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਕਰਕੇ ਅਜਿਹੇ ਵਰਗਾਂ ਲਈ ਕੰਮ ਦੌਰਾਨ ਫੁਰਸਤ ਦੇ ਪਲ ਇੱਕ ਲਾਜ਼ਮੀ ਪਹਿਲੂ ਹਨ। ਪਰ ਖਾਸ ਕਰਕੇ ਡਾਕਟਰੀ ਪੇਸ਼ੇ ਲਈ ਤਾਂ ਅਜਿਹਾ ਵਰਤਾਰਾ ਹੋਰ ਵੀ ਵਧੇਰੇ ਜ਼ਰੂਰੀ ਹੈ, ਤਾਂ ਜੋ ਮੈਡੀਕਲ ਲਾਈਨ ਨਾਲ ਜੁੜੇ ਲੋਕ ਮਰੀਜ਼ਾਂ ਦੀ ਦੇਖਭਾਲ਼ ਸਬੰਧੀ ਆਪਣੀ ਡਿਊਟੀ ਅਤੇ ਜ਼ਿੰਮੇਵਾਰੀ ਨੂੰ ਹੋਰ ਵੀ ਵਧੇਰੇ ਤਨਦੇਹੀ ਨਾਲ ਨਿਭਾਅ ਸਕਣ। ਇਸੇ ਕੜੀ ਵਜੋਂ ਹੀ ਆਪਣੀ ਥਕਾਵਟ ਅਤੇ ਤਣਾਅ ਭਰੀ ਜ਼ਿੰਦਗੀ ਤੋਂ ਮਿਲੇ ਕੁਝ ਫੁਰਸਤ ਦੇ ਪਲਾਂ ਨੂੰ ਯਾਦਗਾਰ ਬਣਾਉਣ ਲਈ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਪਟਿਆਲਾ ਨੇ ਗਰੈਂਡ ਸਕੁਏਅਰ ਪਟਿਆਲਾ ਵਿੱਚ ‘ਆਈਐੱਮਏ ਤਰੰਗ 2022’ ਦੇ ਬੈਨਰ ਹੇਠਾਂ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਦੌਰਾਨ ਡਾਕਟਰਾਂ ਵੱਲੋਂ ਗੀਤ, ਸੰਗੀਤ, ਨ੍ਰਿਤ ਅਤੇ ਹੋਰ ਲੋਕ ਕਲਾਵਾਂ ਵਿੱਚ ਹੱਥ ਅਜ਼ਮਾਇਆ। ਇਸ ਮੌਕੇ ਉਨ੍ਹਾਂ ਨੇ ਗੀਤ-ਸੰਗੀਤ, ਗਰਬਾ, ਭੰਗੜਾ, ਗਰੁੱਪ ਡਾਂਸ, ਕੋਰੀਓਗ੍ਰਾਫੀ, ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਆਈਐੱਮਏ ਪਟਿਆਲਾ ਦੇ ਪ੍ਰਧਾਨ ਡਾ. ਅਜਾਤਾ ਸ਼ਤਰੂ ਕਪੂਰ ਅਤੇ ਸਕੱਤਰ ਡਾ. ਹਰਸਿਮਰਨ ਤੁਲੀ ਨੇ ਦੱਸਿਆ ਕਿ ਉਨ੍ਹਾਂ ਨੇ ਡਾਕਟਰਾਂ ਨੂੰ ਇੱਕ ਸਭਿਆਚਾਰਕ ਮੰਚ ’ਤੇ ਲਿਆਉਣ ਲਈ ‘ਤਰੰਗ’ ਦੇ ਰੂਪ ਵਿੱਚ ਇੱਕ ਉਪਰਾਲਾ ਕੀਤਾ ਹੈ। ਇਸ ਸਮਾਗਮ ਵਿੱਚ ਆਈਐੱਮਏ ਦੇ ਸੂਬਾਈ ਪ੍ਰ੍ਧਾਨ ਡਾ.ਭਗਵੰਤ ਸਿੰਘ ਸਮੇਤ ਡਾ.ਜਤਿੰਦਰ ਕਾਂਸਲ, ਡਾ.ਬਰਜੇਸ਼ ਮੋਦੀ, ਡਾ. ਰਾਕੇਸ਼ ਅਰੋੜਾ, ਡਾ.ਜੇਪੀਐੱਸ. ਸੋਢੀ, ਡਾ. ਚੰਦਰ ਮੋਹਿਨੀ, ਡਾ: ਨੀਲਿਮਾ ਅਤੇ ਡਾ. ਨਿਧੀ ਨੇ ਸ਼ਿਰਕਤ ਕੀਤੀ।