ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 22 ਸਤੰਬਰ
ਸੁਨਾਮ ਦੀ ਸ਼ਹੀਦ ਊਧਮ ਸਿੰਘ ਮਿਉਂਸਿਪਲ ਲਾਇਬ੍ਰੇਰੀ ਆਪਣੀ ਬੇਕਦਰੀ ’ਤੇ ਹੰਝੂ ਵਹਾਉਂਦੀ ਲਗਦੀ ਹੈ। ਲਾਇਬ੍ਰੇਰੀ ਅੰਦਰ ਖਸਤਾ ਹਾਲ ਪੁਸਤਕਾਂ ਦੀ ਹਾਲਤ ਵੇਖ ਕੇ ਇੰਜ ਲਗਦਾ ਹੈ ਜਿਵੇਂ ਇਹ ਲਾਇਬ੍ਰੇਰੀ ਕਿਸੇ ਬਖਤਿਆਰ ਖਿਲਜੀ ਨੂੰ ਆਪਣੀ ਮੁਕਤੀ ਲਈ ਉਡੀਕ ਰਹੀ ਹੋਵੇ। ਕਿਸੇ ਸਮੇਂ ਪਾਠਕਾਂ ਨਾਲ ਭਰੀ ਰਹਿਣ ਵਾਲੀ ਇਹ ਲਾਇਬ੍ਰੇਰੀ ਹੁਣ ਪਾਠਕਾਂ ਨੂੰ ਤਰਸ ਰਹੀ ਹੈ। ਲਾਇਬ੍ਰੇਰੀ ਦਾ ਉਦਘਾਟਨ ਕਰੀਬ 60 ਸਾਲ ਪਹਿਲਾਂ 31 ਜੁਲਾਈ 1960 ਨੂੰ ਸਾਹਿਤਕ ਪ੍ਰਵਿਰਤੀ ਦੇ ਮਾਲਕ ਸੰਗਰੂਰ ਦੇ ਡਿਪਟੀ ਕਮਿਸ਼ਨਰ ਕੰਵਰ ਮਹਿੰਦਰ ਸਿੰਘ ਬੇਦੀ ਨੇ ਕੀਤਾ ਸੀ। ਲਾਇਬ੍ਰੇਰੀ ਦੀ ਖਸਤਾ ਹਾਲਤ ਨੂੰ ਸੁਧਾਰਨ ਦੇ ਮਨਸ਼ੇ ਨਾਲ ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਨੇ ਹੰਭਲਾ ਮਾਰਿਆ ਹੈ। ਮੰਚ ਦੇ ਇੱਕ ਵਫ਼ਦ ਨੇ ਕਾਰਜਸਾਧਕ ਅਫ਼ਸਰ ਸੁਨਾਮ ਊਧਮ ਸਿੰਘ ਵਾਲਾ ਨੂੰ ਮਿਲ ਕੇ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਹੈ ਕਿ ਇਸ ਲਾਇਬ੍ਰੇਰੀ ਦੀ ਹਾਲਤ ਨੂੰ ਸੁਧਾਰਿਆ ਜਾਵੇ। ਵਫ਼ਦ ਮੈਂਬਰਾਂ ਨੇ ਦੱਸਿਆ ਕਿ ਸ਼ਹਿਰ ਵਿੱਚ ਪੀਰਾਂ ਵਾਲੇ ਗੇਟ ਵਿੱਚ ਸਥਾਪਤ ਇਸ ਲਾਇਬ੍ਰੇਰੀ ਵਿਚ ਕਰੀਬ 5 ਹਜ਼ਾਰ ਪੁਸਤਕਾਂ ਹਨ। ਲਾਇਬ੍ਰੇਰੀ ਵਿੱਚ ਲੰਮੇ ਸਮੇਂ ਤੋਂ ਕੋਈ ਲਾਇਬ੍ਰੇਰੀਅਨ ਤਾਇਨਾਤ ਨਹੀਂ ਹੈ, ਜਿਸ ਕਰਕੇ ਕਿਤਾਬਾਂ ਦੀ ਸੰਭਾਲ ਨਾ ਹੋਣ ਕਰਕੇ ਕਿਤਾਬਾਂ ਨੂੰ ਸਿਉਂਕ ਲੱਗਣੀ ਸ਼ੁਰੂ ਹੋ ਚੁੱਕੀ ਹੈ। ਵਫ਼ਦ ਮੈਂਬਰਾਂ ਗੁਰਮੇਲ ਸਿੰਘ ਬਖਸ਼ੀਵਾਲਾ, ਰਾਕੇਸ਼ ਕੁਮਾਰ, ਦਰਸ਼ਨ ਸਿੰਘ ਖੋਖਰ, ਮਿਠੂ ਸਿੰਘ, ਅਮਰੀਕ ਸਿੰਘ, ਪਵਨ ਕੁਮਾਰ, ਲਾਭ ਸਿੰਘ ਛਾਜਲਾ, ਕਰਮ ਸਿੰਘ, ਪਰਮਿੰਦਰ ਉਭਾਵਾਲ, ਨਾਇਬ ਸਿੰਘ ਰਟੋਲਾ ਅਤੇ ਪਰਮਿੰਦਰ ਸਿੰਘ ਚੰਦੀ ਨੇ ਕਿਹਾ ਕਿ ਈਓ ਨੇ ਲਾਇਬ੍ਰੇਰੀ ਦੇ ਸੁਧਾਰ ਦਾ ਭਰੋਸਾ ਦਿੱਤਾ ਹੈ।