ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਜਨਵਰੀ
ਡੀ.ਆਈ.ਜੀ (ਲਾਅ ਐਂਡ ਆਰਡਰ) ਗੁਰਪ੍ਰੀਤ ਸਿੰਘ ਗਿੱਲ ਨੇ ਇੱਥੇ ਪੰਜਾਬ ਸਾਕੇਤ ਹਸਪਤਾਲ ਵਿਚ ਸਥਿਤ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਵਿੱਚ ਪੁੱਜ ਕੇ ਨਸ਼ੇ ਦੇ ਤਿਆਗ ਲਈ ਇੱਥੇ ਦਾਖਲ ਮਰੀਜ਼ਾਂ, ਓਟ ਦੇ ਮਰੀਜ਼ਾਂ, ਓ.ਪੀ.ਡੀ ਅਤੇ ਕੰਪਿਊਟਰ ਸੈਂਟਰ ਦੇ ਵਿਦਿਆਰਥੀਆਂ ਨਾਲ ਲੋਹੜੀ ਮਨਾਈ। ਇਸ ਦੌਰਾਨ ਉਨ੍ਹਾਂ ਨੇ ਮਰੀਜ਼ਾਂ ਨੂੰ ਮਾਸਕ, ਸਾਬਣ ਅਤੇ ਲੋਹੜੀ ਸਬੰਧੀ ਸਾਜੋ ਸਾਮਾਨ ਵੰਡਿਆ ਅਤੇ ਲੋਹੜੀ ਦੀਆਂ ਸ਼ੁੁਭਕਾਮਨਾਵਾਂ ਵੀ ਦਿੱਤੀਆਂ। ਪਟਿਆਲਾ ਵਿੱਚ ਐੱਸਐੱਸਪੀ ਵਜੋਂ ਸੇਵਾਵਾਂ ਨਿਭਾਅ ਚੁੱਕੇ ਗੁਰਪ੍ਰੀਤ ਗਿੱਲ ਨੇ ਕਿਹਾ ਕਿ ਇਹ ਸੈਂਟਰ ਪੰਜਾਬ ਦਾ ਸਭ ਤੋਂ ਵਧੀਆ ਸੈਂਟਰ ਹੈ, ਜਿਸ ਨੇ ਹਜ਼ਾਰਾਂ ਮਰੀਜ਼ਾਂ ਨੂੰ ਨਸ਼ਾ ਮੁਕਤ ਕਰਕੇ ਰਿਕਾਰਡ ਬਣਾਇਆ ਹੈ। ਜਿਸ ਲਈ ਉਨ੍ਹਾਂ ਨੇ ਇਥੋਂ ਦੇ ਪ੍ਰਬੰਧਕਾਂ ਅਤੇ ਸਟਾਫ ਦੀ ਖੂਬ ਸ਼ਲਾਘਾ ਕੀਤੀ। 27 ਸਾਲਾਂ ਤੋਂ ਨਸ਼ਾ ਮੁਕਤੀ ਹਿਤ ਯਤਨ ਕਰ ਰਹੇ ਇਸ ਸੈਂਟਰ ਦੇ ਪ੍ਰਾਜੈਕਟ ਡਾਇਰੈਕਟਰ ਪਰਮਿੰਦਰ ਕੌਰ ਨੇ ਦੱਸਿਆ ਕਿ ਇੱਥੇ 27000 ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ।