ਪੱਤਰ ਪ੍ਰੇਰਕ
ਘਨੌਰ, 9 ਅਗਸਤ
ਉਜਾੜਾ ਰੋਕੂ ਸੰਘਰਸ਼ ਕਮੇਟੀ ਰਾਜਪੁਰਾ ਦਾ ਇੱਕ ਵਫਦ ਇਥੋਂ ਨੇੜਲੇ ਅੱਠ ਪਿੰਡਾਂ ਦੀ 28 ਸਾਲ ਪਹਿਲਾਂ ਕਾਰਪੋਰੇਟ ਘਰਾਣੇ ਲਈ ਐਕੁਆਇਰ ਕੀਤੀ 1119 ਏਕੜ ਜ਼ਮੀਨ ਵਿੱਚੋਂ ਅਣਵਰਤੀ ਪਈ 533 ਏਕੜ ਜ਼ਮੀਨ ਵਾਪਸੀ ਦੀ ਮੰਗ ਨੂੰ ਲੈ ਕੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਰਾਜ ਦੇ ਸਿਹਤ ਮੰਤਰੀ ਚੇਤੰਨ ਸਿੰਘ ਜੋੜੇਮਾਜਰਾ ਨੂੰ ਮਿਲਿਆ। ਸੰਘਰਸ਼ ਕਮੇਟੀ ਦੇ ਕਨਵੀਨਰ ਲਸ਼ਕਰ ਸਿੰਘ ਸਰਦਾਰਗੜ੍ਹ, ਬਾਪੂ ਅਨੂਪ ਸਿੰਘ ਇਸਲਾਮਪੁਰ, ਰਜਿੰਦਰ ਸਿੰਘ ਅਤੇ ਦਰਬਾਰਾ ਸਿੰਘ ’ਤੇ ਅਧਾਰਿਤ ਵਫਦ ਨੇ ਸਿਹਤ ਮੰਤਰੀ ਜੋੜੇਮਾਜਰਾ ਨੂੰ ਮੰਗ ਪੱਤਰ ਸੌਂਪ ਕੇ ਜਾਣੂ ਕਰਵਾਇਆ ਕਿ ਕਾਰਪੋਰੇਟ ਘਰਾਣੇ ਲਈ ਐਕੁਆਇਰ ਜ਼ਮੀਨ ਵਿੱਚੋਂ 28 ਸਾਲ ਬਾਅਦ ਵੀ 533 ਏਕੜ ਅਣਵਰਤੀ ਪਈ ਜ਼ਮੀਨ ਨਵੇਂ ਭੋਂ-ਪ੍ਰਾਪਤੀ ਕਾਨੂੰਨ ਅਨੁਸਾਰ ਸਬੰਧਤ ਕਿਸਾਨਾਂ ਨੂੰ ਵਾਪਸ ਕੀਤੀ ਜਾਵੇ ਜਿਸ ਲਈ ਉਜਾੜਾ ਰੋਕੂ ਸੰਘਰਸ਼ ਕਮੇਟੀ ਢਾਈ ਦਹਾਕੇ ਤੋਂ ਸੰਘਰਸ਼ ਕਰ ਰਹੀ ਹੈ। ਵਫਦ ਦੇ ਆਗੂ ਲਸ਼ਕਰ ਸਿੰਘ ਸਰਦਾਰਗੜ੍ਹ ਨੇ ਦੱਸਿਆ ਕਿ ਜੋੜੇਮਾਜਰਾ ਵੱਲੋਂ ਉਨ੍ਹਾਂ ਦਾ ਮਸਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ।
ਪੇਂਡੂ ਡਾਕਟਰ ਮੰਗਾਂ ਸਬੰਧੀ ਸਿਹਤ ਮੰਤਰੀ ਨੂੰ ਮਿਲੇ
ਕੁੱਪ ਕਲਾਂ (ਪੱਤਰ ਪ੍ਰੇਰਕ): ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (295) ਦੇ ਜ਼ਿਲ੍ਹਾ ਸੰਗਰੂਰ ਅਤੇ ਮਾਲੇਰਕੋਟਲਾ ਦੇ ਮੈਂਬਰ ਡਾ. ਧਰਮਪਾਲ ਭਵਾਨੀਗੜ੍ਹ ਦੀ ਅਗਵਾਈ ਹੇਠ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੂੰ ਮਿਲ ਕੇ ਮੈਡੀਕਲ ਪ੍ਰੈਕਟੀਸ਼ਨਰਜ਼ ਦੀਆਂ ਮੁੱਖ ਮੰਗਾਂ ਬਾਰੇ ਵਿਚਾਰ ਚਰਚਾ ਕੀਤੀ। ਡਾ. ਹਰਦੀਪ ਕੁਮਾਰ ਬਬਲਾ ਨੇ ਦੱਸਿਆ ਕਿ ਸਿਹਤ ਮੰਤਰੀ ਨੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਆਮ ਆਦਮੀ ਪਾਰਟੀ ਕੀਤੇ ਹੋਏ ਵਾਅਦੇ ਮੁਤਾਬਕ ਤੁਹਾਡੇ ਇਸ ਮਸਲੇ ਨੂੰ ਪਹਿਲ ਦੇ ਅਧਾਰ ਤੇ ਹੱਲ ਕਰੇਗੀ। ਇਸ ਮੌਕੇ ਜ਼ਿਲ੍ਹਾ ਮਲੇਰਕੋਟਲੇ ਦੇ ਪ੍ਰਧਾਨ ਡਾ. ਬਲਜਿੰਦਰ ਸਿੰਘ, ਸੈਕਟਰੀ ਸਰਾਜ ਦੀਨ ਕੰਗਣਵਾਲ, ਖਜ਼ਾਨਚੀ ਡਾ. ਜਸਵੰਤ ਸਿੰਘ, ਬਲਾਕ ਅਹਿਮਦਗੜ੍ਹ ਦੇ ਪ੍ਰਧਾਨ ਡਾ. ਹਰਦੀਪ ਕੁਮਾਰ ਬਬਲਾ, ਬਰਿੰਦਰ ਸਿੰਘ, ਡਾ. ਬਰਿੰਦਰ ਕੁਮਾਰ ਸੁਨਾਮ, ਡਾ ਦੀਦਾਰ ਸਿੰਘ ਸੁਨਾਮ ਅਤੇ ਡਾ. ਹਰਬੰਸ ਸਿੰਘ ਹਾਜ਼ਰ ਸਨ।