ਜੈਸਮੀਨ ਭਾਰਦਵਾਜ
ਨਾਭਾ, 22 ਜਨਵਰੀ
ਮਨੁੱਖੀ ਕਦਰਾਂ ਕੀਮਤਾਂ ਦੇ ਆਧਾਰ ’ਤੇ ਕਿਸਾਨਾਂ ਨੇ ਗੰਭੀਰ ਬਿਮਾਰ ਹੋਏ ਭਾਜਪਾ ਜ਼ਿਲ੍ਹਾ ਪ੍ਰਧਾਨ ਦੇ ਘਰ ਦੇ ਬਾਹਰ ਚੱਲ ਰਹੇ ਧਰਨੇ ਦਾ ਸਥਾਨ ਬਦਲਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਜਪਾ ਪਟਿਆਲਾ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਗਰਗ ਦੀ ਸਿਹਤ ਖਰਾਬ ਹੋਣ ਕਾਰਨ ਉਹ ਮੁਹਾਲੀ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਹਨ। ਗਰਗ ਦੀ ਨਾਭਾ ਰਿਹਾਇਸ਼ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ਵਿਰੋਧ ’ਚ ੧੦੦ ਦਿਨ ਤੋਂ ਪੱਕਾ ਧਰਨਾ ਜਾਰੀ ਹੈ। ਪਰ ਗਰਗ ਦੀ ਨਾਜ਼ੁਕ ਸਿਹਤ ਕਾਰਨ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਸਾਨਾਂ ਨੇ ਧਰਨਾ ਬਦਲ ਕੇ ਕਿਸੇ ਹੋਰ ਭਾਜਪਾ ਆਗੂ ਦੇ ਘਰ ਅੱਗੇ ਲਾਉਣ ਦਾ ਫੈਸਲਾ ਕੀਤਾ।ਸੁਰਿੰਦਰ ਗਰਗ ਦੇ ਪੁੱਤਰ ਸੋਨੂ ਗਰਗ ਨੇ ਦੱਸਿਆ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਬਿਮਾਰ ਹਨ ਤੇ 4 ਜਨਵਰੀ ਤੋਂ ਗੰਭੀਰ ਹਾਲਤ ’ਚ ਹਸਪਤਾਲ ਦਾਖਲ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਨਾਭਾ ਪ੍ਰਧਾਨ ਹਰਮੇਲ ਸਿੰਘ ਤੁੰਗਾ ਨੇ ਦੱਸਿਆ ਕਿ ਗਰਗ ਦਾ ਪਰਿਵਾਰ ਇਸ ਵੇਲੇ ਗਰਗ ਦੀ ਸਿਹਤ ਨੂੰ ਲੈ ਕੇ ਤਣਾਅ ਵਿੱਚੋਂ ਗੁਜ਼ਰ ਰਿਹਾ ਹੋਵੇਗਾ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਨੀਅਨ ਨੇ ਮੀਟਿੰਗ ਸੱਦ ਕੇ ਇਹ ਧਰਨਾ ਸ਼ਨਿਚਰਵਾਰ ਨੂੰ ਕਿਸੇ ਹੋਰ ਆਗੂ ਦੇ ਘਰ ਅੱਗੇ ਤਬਦੀਲ ਕਰਨ ਦਾ ਫੈਸਲਾ ਕੀਤਾ। ਗਰਗ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਤੁੰਗਾ ਨੇ ਕਿਹਾ ਕਿ ਉਨ੍ਹਾਂ ਦਾ ਵਿਰੋਧ ਨਿੱਜੀ ਰੰਜਿਸ਼ ਕਾਰਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਦੇਸ਼ ਦੀ ਵੱਡੀ ਅਬਾਦੀ ਨੂੰ ਕੁਝ ਵਪਾਰੀਆਂ ਦੇ ਮੁਨਾਫ਼ੇ ਨੂੰ ਤਰਜੀਹ ਦੇ ਕੇ ਰੋਸ ਮੁਜ਼ਾਹਰਿਆਂ ਲਈ ਮਜ਼ਬੂਰ ਕੀਤਾ ਹੈ।