ਰਵੇਲ ਸਿੰਘ ਭਿੰਡਰ
ਪਟਿਆਲਾ, 9 ਦਸੰਬਰ
ਭਾਸ਼ਾ ਵਿਭਾਗ ਪੰਜਾਬ ਵੱਲੋਂ ਇਕ ਮ੍ਰਿਤਕ ਵਿਅਕਤੀ ਦੇ ਨਾਂ ਸ਼੍ਰੋਮਣੀ ਪੁਰਸਕਾਰ ਦੇਣ ਦਾ ਐਲਾਨ ਸਾਹਿਤਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਕਤ ਵਿਅਕਤੀ ਦੀ ਮੌਤ ਨੂੰ ਵੀ 7-8 ਸਾਲ ਹੋ ਚੁੱਕੇ ਹਨ। ਇਸ ਦੇ ਬਾਵਜੂਦ ਭਾਸ਼ਾ ਵਿਭਾਗ ਦੇ ਰਿਕਾਰਡ ’ਚ ਇਹ ਵਿਅਕਤੀ ਜਿਊਂਦਾ ਹੀ ਚੱਲਿਆ ਆ ਰਿਹਾ ਸੀ।
ਇੱਕ ‘ਮ੍ਰਿਤਕ’ ਨੂੰ ਸ਼੍ਰੋਮਣੀ ਪੁਰਸਕਾਰ ਨਾਲ ਨਿਵਾਜਣ ਦਾ ਫ਼ੈਸਲਾ ਬੀਤੇ ਦਿਨੀਂ ਰਾਜ ਸਲਾਹਕਾਰ ਬੋਰਡ ਦੀ ਮੀਟਿੰਗ ਵਿੱਚ ਲਿਆ ਗਿਆ। ਜਾਣਕਾਰੀ ਅਨੁਸਾਰ ਢਾਡੀ ਬਲਬੀਰ ਸਿੰਘ ਬੀਹਲਾ ਦੀ 2012 ’ਚ ਕੈਂਸਰ ਕਾਰਨ ਮੌਤ ਹੋ ਗਈ ਸੀ ਅਤੇ ਰਾਜ ਸਲਾਹਕਾਰ ਬੋਰਡ ਨੇ ਉਸ ਨੂੰ 2019 ਲਈ ‘ਸ਼੍ਰੋਮਣੀ ਢਾਡੀ/ਕਵੀਸ਼ਰ’ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਹੈ। ਮ੍ਰਿਤਕ ਬੀਹਲਾ ਦੇ ਪੁੱਤਰ ਕਿਸਮਤ ਸਿੰਘ ਰਾਜੂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਪੁਰਸਕਾਰ ਬਾਰੇ ਅਖ਼ਬਾਰ ’ਚੋਂ ਪਤਾ ਲੱਗਿਆ ਹੈ। ਉਸ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਉਹ ਆਪਣੇ ਪਿਤਾ ਦਾ ਪੁਰਸਕਾਰ ਆਪਣੀ ਮਾਤਾ ਦੇ ਨਾਂ ਕਰਵਾਉਣ ਦੀ ਚਾਰਾਜੋਈ ਕਰਨਗੇ। ਭਾਸ਼ਾ ਵਿਭਾਗ ਦੀ ਡਾਇਰੈਕਟਰ ਬੀਬੀ ਕਰਮਜੀਤ ਕੌਰ ਨੇ ਇਸ ਮਾਮਲੇ ਸਬੰਧੀ ਅਗਿਆਨਤਾ ਜ਼ਾਹਰ ਕਰਦਿਆਂ ਆਖਿਆ ਕਿ ਉਹ ਜਾਂਚ ਕਰਵਾਉਣਗੇ। ਇਸ ਫ਼ੈਸਲੇ ਦੀ ਸਾਹਿਤਕ ਹਲਕਿਆਂ ਵਿੱਚ ਕਾਫੀ ਚਰਚਾ ਹੋ ਰਹੀ ਹੈ। ਇਸ ਸਬੰਧੀ ਕੁਝ ਚਿੰਤਕਾਂ ਨੇ ਸ਼੍ਰੋਮਣੀ ਪੁਰਸਕਾਰ ਦੇਣ ਦੇ ਫ਼ੈਸਲਿਆਂ ’ਤੇ ਕਈ ਤਰ੍ਹਾਂ ਦੇ ਦੋਸ਼ ਲਾਏ ਅਤੇ ਆਖਿਆ ਕਿ ਸੂਬੇ ਦੀ ਘੂਕ ਸੁੱਤੀ ਪਈ ਸਰਕਾਰ ਦੇ ਫ਼ੈਸਲੇ ਅਜਿਹੇ ਹੀ ਹੁੰਦੇ ਹਨ ਕਿ ਮਰੇ ਹੋਏ ਉਸ ਨੂੰ ਜਿਊਂਦੇ ਲੱਗਦੇ ਹਨ ਤੇ ਜਿਊਂਦਿਆਂ ਨੂੰ ਮਰਿਆ ਸਮਝ ਲਿਆ ਜਾਂਦਾ ਹੈ। ਅਜਿਹੀ ਕੜੀ ’ਚ ਹੀ ਮ੍ਰਿਤਕ ਨੂੰ ਜਿਉਂਦਾ ਮੰਨਦਿਆਂ ਉਸ ਦੇ ਨਾਂ ਲੱਖਾਂ ਰੁਪਏ ਦਾ ਇਨਾਮ ਨਿਵਾਜ਼ ਦਿੱਤਾ ਗਿਆ ਹੈ। ਸਾਹਿਤਕ ਅਤੇ ਬੁੱਧੀਜੀਵੀ ਹਲਕਿਆਂ ਵਿੱਚ ਇਸ ਗੱਲੋਂ ਵੀ ਕਾਫੀ ਹੈਰਾਨੀ ਪਾਈ ਜਾ ਰਹੀ ਹੈ ਕਿ ਇਨ੍ਹੀਂ ਦਿਨੀਂ ਛਿੜੇ ਵੱਡੇ ਕਿਸਾਨ ਅੰਦੋਲਨ ਦੌਰਾਨ ਹੀ ਸੂਬਾ ਸਰਕਾਰ ਵੱਲੋਂ ਸ਼੍ਰੋਮਣੀ ਪੁਰਸਕਾਰਾਂ ਦਾ ਐਲਾਨ ਕਿਉਂ ਕੀਤਾ ਗਿਆ।