ਪੱਤਰ ਪ੍ਰੇਰਕ
ਰਾਜਪੁਰਾ, 17 ਸਤੰਬਰ
ਚੀਨੀ ਵਾਇਰਸ ਕਾਰਨ ਘਨੌਰ ਖੇਤਰ ਦੇ ਦਰਜਨਾਂ ਪਿੰਡਾਂ ਵਿੱਚ ਝੋਨੇ ਦੀ ਫਸਲ ਵੱਡੀ ਪੱਧਰ ’ਤੇ ਨੁਕਸਾਨੀ ਗਈ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਬਲਾਕ ਪ੍ਰਧਾਨ ਗੁਰਸੇਵਕ ਸਿੰਘ ਸੰਧਾਰਸੀ, ਗੁਰਤੇਜ ਸਿੰਘ ਖਲਾਸਪੁਰ, ਹਰਜਿੰਦਰ ਸਿੰਘ ਕਬੂਲਪੁਰ, ਰਵਿੰਦਰ ਸਿੰਘ, ਰਾਮ ਸਿੰਘ, ਸੁਖਦੇਵ ਸਿੰਘ, ਰੋਬਿਨ ਸਿੰਘ ਮਿਰਜਾਂਪੁਰ ਅਤੇ ਗੋਲਡੀ ਖਲਾਸਪੁਰ ਸਣੇ ਹੋਰ ਆਗੂਆਂ ਨੇ ਇਸ ਖੇਤਰ ਦੇ ਪਿੰਡ ਸੰਧਾਰਸੀ, ਮਿਰਜਾਂਪੁਰ, ਮਰਦਾਂਪੁਰ, ਉਕਸੀ, ਖਲਾਸਪੁਰ, ਰਾਏਪੁਰ, ਨਨਹੇੜੀ, ਕਬੂਲਪੁਰ, ਹਾਸ਼ਮਪੁਰ, ਨੌਗਾਵਾਂ, ਬੀਪੁਰ, ਜੱਖੇਪਲ ਸਮੇਤ ਤਿੰਨ ਦਰਜਨ ਤੋਂ ਵੱਧ ਪਿੰਡਾ ਦੇ ਝੋਨੇ ਵਾਲੇ ਖੇਤਾਂ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਸਮੁੱਚੇ ਖੇਤਰ ਵਿੱਚ ਫੈਲੇ ਚੀਨੀ ਵਾਇਰਸ ਕਾਰਨ ਝੋਨੇ ਦੀ ਪੀ.ਆਰ 131, ਪੀ.ਆਰ 128, ਊਸ਼ਾ 44 ਹਾਈਬ੍ਰਿਡ ਸਮੇਤ ਲਗਭਗ ਸਾਰੀ ਹੀ ਕਿਸਮਾਂ ਦੀ ਸੈਂਕੜੇ ਏਕੜ ਫਸਲ 60 ਤੋਂ 80 ਫੀਸਦੀ ਤੱਕ ਨੁਕਸਾਨੀ ਗਈ ਹੈ। ਜਿਸ ਨੂੰ ਲੈ ਕੇ ਕਿਸਾਨ ਵਰਗ ਬਹੁਤ ਚਿੰਤਤ ਹੈ। ਕਿਸਾਨਾਂ ਨੇ ਆਖਿਆ ਕਿ ਪਹਿਲਾਂ ਤੋਂ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਕਿਸਾਨਾਂ ਨੂੰ ਝੋਨਾ ਪਾਲਣ ’ਤੇ ਪ੍ਰਤੀ ਏਕੜ ਹਜ਼ਾਰਾਂ ਰੁਪਏ ਖਰਚਣ ਦੇ ਬਾਵਜੂਦ ਪੱਲੇ ਕੁਝ ਨਹੀਂ ਪੈਂਦਾ ਦਿੱਸ ਰਿਹਾ। ਜਦੋਂਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਫਸਲ ਵੇਖਣ ਤੋਂ ਕਿਨਾਰਾ ਕਰ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਬਿਮਾਰੀ ਨੂੰ ਕੁਦਰਤੀ ਆਫਤ ਐਲਾਨਦਿਆਂ ਝੋਨੇ ਦੀ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ।