ਨਿੱਜੀ ਪੱਤਰ ਪ੍ਰੇਰਕ
ਨਾਭਾ, 30 ਜੂਨ
ਇੱਥੇ ਮਾਰਕੀਟ ਕਮੇਟੀ ਦੇ ਦਫਤਰ ’ਚ ਹੋਈ ਚੋਰੀ ਸਬੰਧੀ ਕੇਸ ਦਰਜ ਹੋਣ ਤੋਂ ਅਗਲੇ ਦਿਨ ਹੀ ਦਫਤਰ ਦੇ ਚੌਕੀਦਾਰ ਦੀ ਲਾਸ਼ ਸੂਏ ਵਿੱਚੋਂ ਮਿਲੀ। ਜਾਣਕਾਰੀ ਅਨੁਸਾਰ ਮਾਰਕੀਟ ਕਮੇਟੀ ਦੇ ਦਫਤਰ ’ਚ 22 ਜੂਨ ਦੀ ਰਾਤ ਨੂੰ ਦੋ ਦਰਜਨ ਸਮਰਸੀਬਲ ਦੀ ਤਾਰਾਂ ਤੋਂ ਇਲਾਵਾ 42 ਕਿਲੋ ਹੋਰ ਕੋਈ ਤਾਰ ਤੇ ਕੁਝ ਹੋਰ ਸਾਮਾਨ ਚੋਰੀ ਹੋਇਆ ਸੀ ਜਿਸ ਸਬੰਧੀ ਪੁਲੀਸ ਵੱਲੋਂ 29 ਜੂਨ ਨੂੰ ਕੇਸ ਦਰਜ ਕੀਤਾ ਗਿਆ। ਅਗਲੇ ਹੀ ਦਿਨ ਵੀਰਵਾਰ ਸ਼ਾਮ ਨੂੰ ਉਸੇ ਦਫਤਰ ਦੇ ਚੌਕੀਦਾਰ ਦੀ ਲਾਸ਼ ਕਲਿਹਾਣਾ ਪਿੰਡ ਦੇ ਸੂਏ ਵਿੱਚੋਂ ਮਿਲਦੀ ਹੈ। ਮ੍ਰਿਤਕ ਗੰਗਾਰਾਮ ਦੇ ਪੁੱਤਰ ਗੁਰਸੀਰ ਨੇ ਦੱਸਿਆ ਕਿ ਉਸ ਦੇ ਪਿਤਾ ਪਿਛਲੇ 25 ਸਾਲ ਤੋਂ ਮਾਰਕੀਟ ਕਮੇਟੀ ’ਚ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਸੂਏ ਚ ਢਾਈ-ਤਿੰਨ ਫੁੱਟ ਤੋਂ ਘੱਟ ਪਾਣੀ ਹੈ ਤੇ ਇਸ ’ਚ ਆਪਣੇ ਆਪ ਡੁੱਬਣਾ ਤਾਂ ਸੰਭਵ ਨਹੀਂ ਜਿਸ ਕਾਰਨ ਮੌਤ ਪਿੱਛੇ ਕਾਰਨ ਦੀ ਪੜਤਾਲ ਹੋਣੀ ਚਾਹੀਦੀ ਹੈ।
ਨਾਭਾ ਸਦਰ ਪੁਲੀਸ ਦੇ ਮੁਖੀ ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਮੁਲਾਜ਼ਮ ਲਾਸ਼ ਬਰਾਮਦ ਕਰਨ ਗਏ ਹੋਏ ਹਨ ਤੇ ਪਰਿਵਾਰ ਵਾਲਿਆਂ ਦੇ ਬਿਆਨਾਂ ਅਤੇ ਮੁਢਲੀ ਪੜਤਾਲ ਤੋਂ ਬਾਅਦ 174 ਸੀ ਆਰ ਪੀ ਸੀ ਤਹਿਤ ਕਾਰਵਾਈ ਕੀਤੀ ਜਾਵੇਗੀ। ਚੋਰੀ ਦਾ ਕੇਸ ਕੋਤਵਾਲੀ ਨਾਭਾ ’ਚ ਦਰਜ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਤਵਾਲੀ ਪੁਲੀਸ ਨੂੰ ਪੜਤਾਲ ਦੀ ਜ਼ਰੂਰਤ ਹੋਵੇਗੀ ਤਾਂ ਇੱਕ ਵਾਰੀ ਲਾਸ਼ ਉਨ੍ਹਾਂ ਨੂੰ ਵੀ ਸੌਂਪੀ ਜਾ ਸਕਦੀ ਹੈ।