ਪੱਤਰ ਪ੍ਰੇਰਕ
ਦੇਵੀਗੜ੍ਹ, 28 ਸਤੰਬਰ
ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਪੈ ਰਹੀ ਬਰਸਾਤ ਨੇ ਕਿਸਾਨਾਂ ਦੇ ਸਾਹ ਸੂਤ ਲਏ ਹਨ। ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਨਾਲ ਹਲਕਾ ਸਨੌਰ ’ਚੋਂ ਲੰਘਦੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਬਹੁਤ ਵਧ ਗਿਆ ਹੈ। ਘੱਗਰ ਦਰਿਆ ਦਾ ਪਾਣੀ ਕੰਢਿਆਂ ਤੱਕ ਚੱਲ ਰਿਹਾ ਹੈ। ਇਸ ਤੋਂ ਇਲਾਵਾ ਘੱਗਰ ਦਰਿਆ ਵਿੱਚ ਭਾਰੀ ਪਾਣੀ ਆਉਣ ਕਾਰਨ ਪਿੰਡ ਜੁਲਾਹਖੇੜੀ ਨੇੜੇ ਪਿੰਡ ਛੰਨਾਂ ਕੋਲ ਘੱਗਰ ਦਾ ਪਾਣੀ ਉੱਛਲ ਕੇ ਜੁਲਾਹਖੇੜੀ ਛੰਨਾਂ ਦੇ ਖੇਤਾਂ ਵਿੱਚ ਫੈਲ ਗਿਆ ਸੀ। ਇਸ ਸਥਿਤੀ ਨੂੰ ਦੇਖਦਿਆਂ ਐੱਸ.ਡੀ.ਐੱਮ. ਦੂਧਨਸਾਧਾਂ ਕ੍ਰਿਪਾਲਵੀਰ ਸਿੰਘ ਨੇ ਆਪਣੇ ਨਾਲ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡ ਜੁਲਾਹਖੇੜੀ ਦੇ ਡੇਰੇ ਛੰਨਾਂ ਦਾ ਦੌਰਾ ਕੀਤਾ। ਇਸ ਦੌਰਾਨ ਉੱਚ ਅਧਿਕਾਰੀਆਂ ਨੇ ਘੱਗਰ ਦੇ ਉੱਛਲੇ ਪਾਣੀ ਨੂੰ ਰੋਕਣ ਲਈ ਉਪਰਾਲੇ ਕਰਨ ਲਈ ਕਿਹਾ ਹੈ ਤਾਂ ਕਿ ਇਹ ਹੜ੍ਹ ਦਾ ਪਾਣੀ ਪਿੰਡ ਦੇ ਘਰਾਂ ਵਿੱਚ ਨਾ ਵੜੇ ਤੇ ਫਸਲਾਂ ਦਾ ਨੁਕਸਾਨ ਨਾ ਹੋਵੇ। ਐੱਸ.ਡੀ.ਐੱਮ. ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਘੱਗਰ ਦੇ ਪਾਣੀ ਨਾਲ ਕਿਸੇ ਪਿੰਡ ਵਾਸੀ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਘੱਗਰ ਦੇ ਪਾਣੀ ਦੀ ਨਿਗਰਾਨੀ ਰੱਖਣ ਲਈ ਪਿੰਡ ਵਾਸੀਆਂ ਨੂੰ ਵੀ ਠੀਕਰੀ ਪਹਿਰਾ ਦੇਣਾ ਚਾਹੀਦਾ ਹੈ ਤਾਂ ਕਿ ਹੜ੍ਹਾਂ ਤੋਂ ਕੂੋਈ ਨੁਕਸਾਨ ਨਾ ਹੋ ਸਕੇ। ਇਸ ਮੌਕੇ ਉਨ੍ਹਾਂ ਨਾਲ ਤਹਿਸੀਲਦਾਰ ਦੁੱਧਨਸਾਧਾਂ ਵੀਨਾ ਰਾਣੀ, ਮਨਜੀਤ ਸਿੰਘ ਨਾਇਬ ਤਹਿਸੀਲਦਾਰ, ਬੀ.ਡੀ.ਪੀ.ਓ. ਭੁਨਰਹੇੜੀ ਮਨਦੀਪ ਸਿੰਘ, ਡੀ.ਐਸ.ਪੀ. ਦਿਹਾਤੀ ਪਟਿਆਲਾ ਗੁਰਦੇਵ ਸਿੰਘ ਧਾਲੀਵਾਲ, ਹਰਸਿਮਰਤ ਸਿੰਘ ਪਟਵਾਰੀ ਤੇ ਡਰੇਨੇਰਜ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਪਿੰਡ ਵਾਸੀ ਵੀ ਹਾਜ਼ਰ ਸਨ।