ਖੇਤਰੀ ਪ੍ਰਤੀਨਿਧ
ਪਟਿਆਲਾ, 8 ਸਤੰਬਰ
ਪੰਜਾਬੀ ਯੂਨੀਵਰਸਿਟੀ ਦੇ ਐੱਨਐੱਸਐੱਸ ਵਿਭਾਗ ਵੱਲੋਂ ‘ਸਾਈਬਰ ਜਾਗਰੂਕਤਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਭਾਰਤ ਸਰਕਾਰ ਦੀ ਕੌਮੀ ਸੇਵਾ ਯੋਜਨਾ ਤਹਿਤ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਇਸ ਮਹੀਨੇ ਦਾ ਇਹ ਸੈਮੀਨਾਰ ਰੈੱਡ ਰਬਿਨ ਕਲੱਬ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਇਸ ਦੌਰਾਨ ਯੂਥ ਸਰਵਿਸਜ਼ ਪਟਿਆਲਾ ਦੇ ਸਹਾਇਕ ਡਾਇਰੈਕਟਰ ਦਿਲਵਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਅਜੋਕੇ ਸਮੇਂ ਵਿੱਚ ਸਾਈਬਰ ਅਪਰਾਧ ਰਾਹੀਂ ਹੋਣ ਵਾਲੀਆਂ ਠੱਗੀਆਂ ਤੋਂ ਬਚਣ ਦੇ ਉਪਾਅ ਅਤੇ ਸੁਝਾਅ ਦੱਸੇ। ਇਸ ਮੌਕੇ ਮੁੱਖ ਬੁਲਾਰੇ ਵਜੋਂ ਪਹੁੰਚੇ ਪਟਿਆਲਾ ਪੁਲੀਸ ਦੇ ਸਾਈਬਰ ਕ੍ਰਾਈਮ ਬਰਾਂਚ ਵਿੱਚ ਤਾਇਨਾਤ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਪ੍ਰੋਗਰਾਮ ਅਫਸਰਾਂ ਨੂੰ ਸਾਈਬਰ ਕ੍ਰਾਈਮ ਤੋ ਬਚਾਅ ਲਈ ਅਹਿਮ ਜਾਣਕਾਰੀ ਦਿੱਤੀ। ਉਨ੍ਹਾਂ ਵੱਟਸਅੱਪ, ਫੇਸਬੁੱਕ, ਟਵਿੱਟਰ, ਈਮੇਲ, ਇੰਟਰਨੈੱਟ ਬੈਂਕਿੰਗ ਅਤੇ ਏਟੀਐੱਮ ਨੂੰ ਹੈਕ ਕੀਤੇ ਜਾਣ ਬਾਰੇ ਜਾਗਰੂਕ ਕੀਤਾ। ਅਜਿਹੀ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਉਨ੍ਹਾਂ ਕਈ ਸੁਝਾਅ ਵੀ ਪੇਸ਼ ਕੀਤੇ। ਇਸ ਮੌਕੇ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪ੍ਰੋਗਰਾਮ ਅਫਸਰਾਂ ਨੂੰ ਸਾਈਬਰ ਕ੍ਰਾਈਮ ਪ੍ਰਤੀ ਜਾਗਰੂਕ ਕਰਨਾ ਸੀ ਤਾਂ ਜੋ ਅਜੋਕੀ ਪੀੜ੍ਹੀ ਨੂੰ ਸਾਈਬਰ ਕ੍ਰਾਈਮ ਲਈ ਸਿੱਖਿਅਤ ਕਰ ਕੇ ਸਮਾਜ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ।