ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਸਤੰਬਰ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀਨਾਮਾ ਦਿਵਾਉਣ ਸਮੇਤ ਅਜਿਹੇ ਹੋਰ ਸਿੱਖ ਵਿਰੋਧੀ ਗਤੀਵਿਧੀਆਂ ਲਈ ਬਾਦਲ ਪਰਿਵਾਰ ਉੱਪਰ ਉਂਗਲ ਰੱਖਦਿਆਂ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਇੱਥੇ ਡੀ.ਸੀ ਦਫਤਰ ਦੇ ਬਾਹਰ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਏਡੀਸੀ ਗੁਰਪ੍ਰੀਤ ਥਿੰਦ ਰਾਹੀਂ ਮੁੱਖ ਮੰਤਰੀ ਨੂੰ ਪੱਤਰ ਮੰਗ ਪੱਤਰ ਵੀ ਭੇਜਿਆ ਗਿਆ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਸਾਬਕਾ ਡੀਜੀਪੀ ਸੁਮੇਧ ਸਿੰਘ ਦੀ ਫ਼ੌਰੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ। ਵਫ਼ਦ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਮੂਹ ਬੰਦੀ ਸਿੰਘਾਂ ਅਤੇ ਸਿੱਖ ਨੌਜਵਾਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦੀ ਤਲਾਸ਼ ਤੇ ਇਸ ਸਬੰਧੀ ਕਮੇਟੀ ਬਣਾਉਣ ’ਤੇ ਵੀ ਜ਼ੋਰ ਦਿੱਤਾ।
ਸਿੱਖ ਆਗੂਆਂ ਦੇ ਇਸ ਵਫਦ ਵੱਲੋਂ ਭਾਵੇਂ ਪਹਿਲਾਂ ਡੀਸੀ ਦਫਤਰ ਦੇ ਬਾਹਰ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪ੍ਰੰਤੂ ਇੱਥੇ ਤਾਇਨਾਤ ਪੁਲੀਸ ਫੋਰਸ ਦੀ ਅਗਵਾਈ ਕਰ ਰਹੇ ਡੀਐੱਸਪੀ ਸਿਟੀ (2) ਜਸਵਿੰਦਰ ਸਿੰਘ ਟਿਵਾਣਾ ਦੇ ਦਖ਼ਲ ਨਾਲ ਇਨ੍ਹਾਂ ਸਿੱਖ ਆਗੂਆਂ ਨੇ ਧਰਨੇ ਦੇ ਪ੍ਰੋਗਰਾਮ ਨੂੰ ਸੰਕੇਤਕ ਰੋਸ ਪ੍ਰਦਰਸ਼ਨ ਵਿੱਚ ਤਬਦੀਲ ਕਰਦਿਆਂ ਇਹ ਪ੍ਰੋਗਰਾਮ ਟਾਲ ਦਿੱਤਾ ਜਿਸ ਨਾਲ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਨੂੰ ਵੀ ਰਾਹਤ ਮਿਲੀ।
ਵਫ਼ਦ ਵਿਚਲੇ ਆਗੂਆਂ ਦਾ ਕਹਿਣਾ ਸੀ ਕਿ ਜੇਕਰ ਆਪ ਸਰਕਾਰ ਨੇ ਵਾਅਦੇ ਮੁਤਾਬਕ ਇਨ੍ਹਾਂ ਕਥਿਤ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਾ ਕੀਤੀ ਤਾਂ ਉਹ ਤਿੱਖਾ ਸੰਘਰਸ਼ ਉਲੀਕਣ ਲਈ ਮਜਬੂਰ ਹੋਣਗੇ ।
ਇਸ ਵਫ਼ਦ ਦੀ ਅਗਵਾਈ ਕਰਨ ਵਾਲਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ, ਸ੍ਰੀ ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ, ਪੰਥਕ ਸ਼ਖ਼ਸੀਅਤ ਬਾਬਾ ਮੋਹਣ ਸਿੰਘ ਬਾਰਨਵਾਲੇ ਤੇ ਬਾਬਾ ਨਛੱਤਰ ਸਿੰਘ ਕੱਲਰਭੈਣੀ ਸਮੇਤ ਸੁਰਜੀਤ ਸਿੰਘ ਬਾਬਰਪੁਰ, ਬਾਬਾ ਬੂਟਾ ਸਿੰਘ, ਬਾਬਾ ਸ਼ਿੰਗਾਰਾ ਸਿੰਘ, ਮਲਕੀਤ ਸਿੰਘ ਕੱਲਰਭੈਣੀ, ਜਗਰੂਪ ਸਿੰਘ ਕਲਿਆਣ, ਪੂਰਨ ਸਿੰਘ ਅਲਹੌਰਾ, ਬਿੰਦਾ ਵਿਰਕ, ਰੇਸ਼ਮ ਸਿੰਘ ਤੇ ਬਾਬਾ ਪ੍ਰੀਤਮ ਸਿੰਘ ਆਦਿ ਪੰਥਕ ਆਗੂ ਵੀ ਮੌਜੂਦ ਸਨ ।