ਗੁਰਨਾਮ ਸਿੰਘ ਚੌਹਾਨ
ਪਾਤੜਾਂ, 3 ਜੁਲਾਈ
ਪਨਗ੍ਰੇਨ ਦੇ ਗੁਦਾਮਾਂ ’ਚ ਹੋਏ ਕਰੋੜਾਂ ਰੁਪਏ ਦੇ ਕਣਕ ਘਪਲੇ ਵਿੱਚ ਪੁਲੀਸ ਵੱਲੋਂ 4 ਅਧਿਕਾਰੀਆਂ ਸਮੇਤ 7 ਆੜ੍ਹਤੀ ਫਰਮਾਂ ਨੂੰ ਧੋਖਾਧੜੀ ਤੇ ਸਰਕਾਰੀ ਸਾਮਾਨ ਨਾਲ ਛੇੜ-ਛਾੜ ਕਰਨ ਦੇ ਦੋਸ਼ ਹੇਠ ਨਾਮਜ਼ਦ ਕੀਤਾ ਹੈ ਜਦੋਂ ਕਿ ਅਜੇ ਤੱਕ ਇੰਸਪੈਕਟਰ ਮਨੋਜ ਮਿੱਤਲ ਹੀ ਪੇਸ਼ ਹੋਇਆ ਹੈ। ਪਾਤੜਾਂ ਪੁਲੀਸ ਨੇ ਉਕਤ ਵਿਅਕਤੀ ਦਾ ਅਦਾਲਤ ਤੋਂ 7 ਦਿਨਾਂ ਦਾ ਪੁਲੀਸ ਰਿਮਾਂਡ ਲੈ ਕੇ ਕੀਤੀ ਪੁੱਛ-ਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਮਗਰੋਂ ਮੁਲਜ਼ਮ ਨੂੰ ਤੀਜੀ ਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਪੁਲੀਸ ਰਿਮਾਂਡ ਦੌਰਾਨ ਕੀਤੀ ਪੁੱਛ-ਗਿੱਛ ਵਿੱਚ ਮੁਲਜ਼ਮ ਵੱਲੋਂ ਬੀਤੇ 2 ਸਾਲਾਂ ਵਿੱਚ ਲੱਖਾਂ ਹੀ ਥੈਲੇ ਬਾਹਰਲੇ ਸੂਬਿਆਂ ਤੋਂ ਆਏ ਸਸਤੇ ਝੋਨੇ ਨੂੰ ਐੱਮ.ਐੱਸ.ਪੀ. ਖਰੀਦ ਵਿੱਚ ਪਾ ਕੇ ਸਰਕਾਰ ਨੂੰ ਮੋਟਾ ਚੂਨਾ ਲਾਏ ਜਾਣ ਬਾਰੇ ਕਬੂਲ ਲੈਣ ਦੀ ਚਰਚਾ ਨੇ ਇਸ ਮਾਮਲੇ ਵਿੱਚ ਫਸੀਆਂ ਫਰਮਾਂ ਦੇ ਮਲਕਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਪੁਲੀਸ ਨੇ ਭਾਵੇਂ ਮਾਮਲੇ ਵਿੱਚ ਸ਼ਾਮਿਲ ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਲਈ ਛਾਪੇ ਮਾਰਨ ਦੀ ਗੱਲ ਕਹੀ ਜਾ ਰਹੀ ਹੈ ਪਰ 12 ਦਿਨਾਂ ਦਾ ਸਮਾਂ ਬੀਤ ਜਾਣ ਮਗਰੋਂ ਪੁਲੀਸ ਕਿਸੇ ਹੋਰ ਮੁਲਜ਼ਮ ਨੂੰ ਫੜਨ ਵਿੱਚ ਅਸਫਲ ਰਹੀ ਹੈ। ਇਸ ਨੂੰ ਲੈ ਕੇ ਪੁਲੀਸ ਦੀ ਕਾਰਗੁਜ਼ਾਰੀ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਲੋਕਾਂ ਵਿੱਚ ਚਰਚਾ ਹੈ ਕਿ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਉਨ੍ਹਾਂ ਦੇ ਫੋਨ ਬੰਦ ਹੋਣ ਦਾ ਬਹਾਨਾ ਲਾ ਕੇ ਬੁੱਤਾ ਸਾਰ ਰਹੀ ਹੈ। ਲੋਕਾਂ ਵਿੱਚ ਚਰਚਾ ਹੈ ਕਿ ਮੁਲਜ਼ਮ ਨੇ ਕਣਕ ਘੁਟਾਲੇ ਵਿੱਚ ਸ਼ਾਮਿਲ ਵਿਅਕਤੀਆਂ ਦੇ ਨਾਮ ਜਨਤਕ ਕਰਨ ਦੇ ਨਾਲ-ਨਾਲ ਝੋਨੇ ਦੀ ਖ਼ਰੀਦ ਦੌਰਾਨ ਆੜ੍ਹਤੀਆਂ ਨੇ ਯੂਪੀ ਅਤੇ ਬਿਹਾਰ ਤੋਂ 1200 ਰੁਪਏ ਕੁਇੰਟਲ ਝੋਨੇ ਲਿਆ ਕੇ 1990 ਰੁਪਏ ਕੁਇੰਟਲ ਦੀ ਖ਼ਰੀਦ ਵਿੱਚ ਪਾ ਕੇ ਲੱਖ ਤੋਂ ਵੱਧ ਥੈਲੇ ਦੇ ਸ਼ੈਲਰਾਂ ਵਿੱਚ ਲਵਾ ਕੇ ਸਰਕਾਰ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕੀਤੀ ਹੈ।
ਗ੍ਰਿਫ਼ਤਾਰੀ ਲਈ ਪੁਲੀਸ ਮਾਰ ਰਹੀ ਹੈ ਛਾਪੇ: ਐੱਸਐੱਚਓ
ਥਾਣਾ ਮੁਖੀ ਪਾਤੜਾਂ ਪ੍ਰਕਾਸ਼ ਮਸੀਹ ਨੇ ਕਿਹਾ ਕਿ ਕਣਕ ਘੁਟਾਲੇ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਫੜਨ ਵਿੱਚ ਪੁਲੀਸ ਵੱਲੋਂ ਕੋਈ ਅਣਗਹਿਲੀ ਨਹੀਂ ਕੀਤੀ ਜਾ ਰਹੀ ਸਗੋਂ ਲਗਾਤਾਰ ਛਾਪੇ ਮਾਰ ਕੇ ਮੁਲਜ਼ਮਾਂ ’ਤੇ ਦਬਾਅ ਬਣਾਇਆ ਜਾ ਰਿਹਾ ਹੈ। ਇਸੇ ਦੌਰਾਨ ਉਨ੍ਹਾਂ ਸੀ.ਆਈ.ਏ ਸਟਾਫ਼ ਪਟਿਆਲਾ ਵੱਲੋਂ ਕੀਤੀ ਪੁੱਛ-ਪੜਤਾਲ ਬਾਰੇ ਪਤਾ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਮਨੋਜ ਮਿੱਤਲ ਨੂੰ ਅਦਾਲਤ ਵਿੱਚ ਪੇਸ਼ ਕੀਤੇ ਜਾਣ ’ਤੇ ਉਸ ਨੂੰ ਜੇਲ੍ਹ ਭੇਜਣ ਜਾਰੀ ਕੀਤੇ ਹੁਕਮਾਂ ਤਹਿਤ ਜੇਲ੍ਹ ਭੇਜ ਦਿੱਤਾ ਹੈ। ਉਨ੍ਹਾਂ ਬਾਕੀ ਮੁਲਜ਼ਮਾਂ ਨੂੰ ਛੇਤੀ ਗ੍ਰਿਫ਼ਤਾਰ ਕਰ ਲੈਣ ਦਾ ਦਾਅਵਾ ਕੀਤਾ ਹੈ।