ਖੇਤਰੀ ਪ੍ਰਤੀਨਿਧ
ਪਟਿਆਲਾ, 19 ਜੁਲਾਈ
ਨਗਰ ਵਾਸੀਆਂ ਨੂੰ ਡੇਂਗੂ ਤੋਂ ਬਚਾਉਣ ਲਈ ਸੰਯੁਕਤ ਕਮਿਸ਼ਨਰ ਜੀਵਨਜੋਤ ਕੌਰ ਨੇ ਨਿਗਮ ਦੇ ਸਮੂਹ ਸੈਨੇਟਰੀ ਇੰਸਪੈਕਟਰਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਮਿਸ਼ਨਰ ਨੇ ਕਿਹਾ ਕਿ ਡੇਂਗੂ ਤੋਂ ਬਚਣ ਲਈ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਡੇਂਗੂ ਦੇ ਲਾਰਵੇ ਦੀ ਪਛਾਣ ਕਰ ਕੇ ਨਸ਼ਟ ਕਰਨ ’ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਛਾਪਿਆਂ ਦੌਰਾਨ ਜਿਸ ਵੀ ਘਰੇਲੂ ਜਾਂ ਵਪਾਰਕ ਯੂਨਿਟ ਵਿੱਚੋਂ ਲਾਰਵਾ ਮਿਲਦਾ ਹੈ, ਉਸ ਦਾ ਚਲਾਨ ਕੀਤਾ ਜਾਵੇ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਸੁਮੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਸਵੇਰੇ ਤਿੰਨ ਘੰਟਿਆਂ ਵਿੱਚ ਸ਼ਹਿਰ ਵਿੱਚ 19 ਥਾਵਾਂ ਤੋਂ ਲਾਰਵਾ ਬਰਾਮਦ ਕਰ ਕੇ ਨਸ਼ਟ ਕੀਤਾ ਗਿਆ ਹੈ। ਸੋਮਵਾਰ ਸਵੇਰੇ ਹੀ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰਾਂ ਨੇ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ 22 ਥਾਵਾਂ ’ਤੇ ਚੈਕਿੰਗ ਕੀਤੀ।
ਜੀਵਨਜੋਤ ਕੌਰ ਨੇ ਦੱਸਿਆ ਕਿ ਸਫ਼ਾਈ ਵਿਵਸਥਾ ਨੂੰ ਸੁਖਾਲਾ ਬਣਾਉਣ ਲਈ ਸ਼ਹਿਰ ਨੂੰ ਸੱਤ ਵੱਖ-ਵੱਖ ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਹਰ ਸੈਕਟਰ ਲਈ ਜ਼ਿੰਮੇਵਾਰ ਸੈਨੇਟਰੀ ਇੰਸਪੈਕਟਰ, ਸਿਹਤ ਵਿਭਾਗ ਦੀ ਟੀਮ ਨਾਲ ਤਾਲਮੇਲ ਕਰ ਕੇ ਚਲਾਨ ਦੀ ਕਾਰਵਾਈ ਕਰਨਗੇ। ਚਲਾਨ ਦੀ ਅਦਾਇਗੀ ਨਗਰ ਨਿਗਮ ਕੋਲ ਪਹੁੰਚ ਕੇ ਕਰਨੀ ਪਵੇਗੀ ਅਤੇ ਜਿਹੜੇ ਲੋਕ ਮਿੱਥੇ ਸਮੇਂ ਅੰਦਰ ਲਾਰਵਾ ਫੜਨ ਦੇ ਚਲਾਨ ਦਾ ਭੁਗਤਾਨ ਨਹੀਂ ਕਰਨਗੇ, ਉਨ੍ਹਾਂ ਦਾ ਚਲਾਨ ਅਗਲੀ ਕਾਰਵਾਈ ਲਈ ਅਦਾਲਤ ਵਿੱਚ ਭੇਜਿਆ ਜਾਵੇਗਾ।