ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਜੁਲਾਈ
ਜ਼ਿਲ੍ਹੇ ’ਚ ਮਲੇਰੀਆ ਅਤੇ ਡੇਂਗੂ ਦੀ ਦਸਤਕ ਦੇ ਮੱਦੇਨਜ਼ਰ ਜ਼ਿਲ੍ਹਾ ਸਿਹਤ ਵਿਭਾਗ ਅਤੇ ਨਗਰ ਨਿਗਮ ਮੈਨੇਜਮੈਂਟ ਪੂਰੀ ਤਰ੍ਹਾਂ ਮੁਸਤੈਦ ਹੋ ਗਈ ਹੈ। ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ (ਆਈ.ਏ.ਐਸ) ਦੀਆਂ ਹਦਾਇਤਾਂ ’ਤੇ ਨਿਗਮ ਮੁਲਾਜ਼ਮਾਂ ਦੀਆਂ ਟੀਮਾਂ ਫੀਲਡ ਵਿੱਚ ਪਾਣੀ ਭਰਨ ਵਾਲੀਆਂ ਥਾਵਾਂ ਦੀ ਸ਼ਨਾਖਤ ਕਰਨ ’ਚ ਜੁੱਟ ਗਈਆਂ ਹਨ। ਇਨ੍ਹਾਂ ਥਾਵਾਂ ’ਤੇ ਡੇਂਗੂ ਦਾ ਲਾਰਵਾ ਨਸ਼ਟ ਕਰਨ ਅਤੇ ਪੈਦਾ ਹੋਣ ਤੋਂ ਰੋਕਣ ਲਈ ਦਵਾਈਆਂ ਪਾਈਆਂ ਜਾਣਗੀਆਂ।
ਨਿਗਮ ਦੇ ਸੰਯੁਕਤ ਕਮਿਸ਼ਨਰ ਜੀਵਨ ਜੋਤ ਕੌਰ ਨੇ ਦੱਸਿਆ ਕਿ ਬਰਸਾਤ ਦੌਰਾਨ ਘਰਾਂ ਦੀਆਂ ਛੱਤਾਂ ’ਤੇ ਰੱਖਿਆ ਕਬਾੜ, ਟਾਇਰ, ਬਰਤਨ, ਬੋਤਲਾਂ ਦੇ ਢੱਕਣ, ਪੰਛੀਆਂ ਲਈ ਰੱਖੇ ਭਾਂਡੇ ਆਦਿ ਮੀਂਹ ਦੇ ਪਾਣੀ ਨਾਲ ਭਰ ਜਾਂਦੇ ਹਨ ਜਿਸ ’ਚ ਡੇਂਗੂ ਦਾ ਲਾਰਵਾ ਪੈਦਾ ਹੋ ਜਾਂਦਾ ਹੈ। ਡੇਂਗੂ ਦਾ ਮੱਛਰ ਜ਼ਿਆਦਾਤਰ ਘਰਾਂ ਵਿੱਚ ਜਾਂ ਘਰਾਂ ਦੇ ਇਰਦ-ਗਿਰਦ ਪੈਦਾ ਹੁੰਦਾ ਹੈ, ਜੋ ਲੋਕਾਂ ਨੂੰ ਡੰਗ ਦਾ ਸ਼ਿਕਾਰ ਬਣਾਉਂਦਾ ਹੈ। ਇਸ ਨਾਲ਼ ਡੇਂਗੂ ਬੁਖਾਰ ਹੋ ਜਾਂਦਾ ਹੈ,ਜੋ ਕਿਤੇ ਨਾ ਕਿਤੇ ਜਾਨਲੇਵਾ ਸਾਬਤ ਹੋ ਸਕਦਾ ਹੈ। ਇਸ ਕਰਕੇ ਲੋਕਾਂ ਨੂੰ ਵਧੇਰੇ ਚੌਕੰਨੇ ਰਹਿਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਕੂਲਰਾਂ ਦਾ ਪਾਣੀ ਵੀਹ ਹਫ਼ਤੇ ਵਿੱਚ ਤਿੰਨ ਤੋਂ ਚਾਰ ਵਾਰ ਬਦਲਣਾ ਚਾਹੀਦਾ ਹੈ। ਫਰਿੱਜ ਹੇਠਲੀ ਟਰੇਅ ਵੀ ਸਾਫ ਕਰਨੀ ਚਾਹੀਦੀ ਹੈ। ਸੰਯੁਕਤ ਕਮਿਸ਼ਨਰ ਜੀਵਨਜੋਤ ਕੌਰ ਦਾ ਕਹਿਣਾ ਹੈ ਕਿ ਬਰਸਾਤ ਦਾ ਮੌਸਮ ਜਾਰੀ ਰਹਿਣ ਤੱਕ ਸ਼ਹਿਰ ਵਿੱਚ ਫੌਗਿੰਗ ਕਰਵਾਉਣ ਦੀ ਕੋਈ ਲੋੜ ਨਹੀਂ ਹੈ। ਅਧਿਕਾਰੀਆਂ ਅਨੁਸਾਰ ਖੜ੍ਹੇ ਪਾਣੀ ’ਤੇ ਕਾਲਾ ਤੇਲ ਪਾ ਕੇ ਡੇਂਗੂ ਦੇ ਲਾਰਵੇ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕਦਾ ਹੈ, ਕਿਉਂਕਿ ਡੇਂਗੂ ਦਾ ਲਾਰਵਾ ਹਮੇਸ਼ਾ ਸਾਫ਼ ਪਾਣੀ ਵਿੱਚ ਪਲ ਸਕਦਾ ਹੈ।