ਬਹਾਦਰ ਸਿੰਘ ਮਰਦਾਂਪੁਰ
ਘਨੌਰ, 23 ਸਤੰਬਰ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਥੋਪੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨ ਸੰਘਰਸ਼ ਨੂੰ ਹੋਰ ਮਜ਼ਬੂਤੀ ਦੇਣ ਵਾਸਤੇ ਪੰਜਾਬ ਦੇ ਸੰਤ ਸਮਾਜ ਦੀ ਅਗਵਾਈ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਫਤਹਿ ਮਾਰਚ ਦੇ ਬੈਨਰ ਹੇਠ ਹਜ਼ਾਰਾਂ ਸੰਤਾਂ ਮਹਾਂਪੁਰਸ਼ਾਂ ਦਾ ਕਾਫਲਾ ਹਜ਼ਾਰਾਂ ਕਾਰਾਂ ਬੱਸਾਂ ਵਿੱਚ ਸਵਾਰ ਹੋ ਕੇ ਦਿੱਲੀ ਦੇ ਸਿੰਘੂ ਬਾਰਡਰ ਲਈ ਦਿੱਲੀ-ਅੰਮ੍ਰਿਤਸਰ ਜੀਟੀ ਰੋਡ ਸਥਿਤ ਪਿੰਡ ਮਦਨਪੁਰ ਚਲਹੇੜੀ ਨੇੜਲੇ ਰਿਲਾਇੰਸ ਪੰਪ ਤੋਂ ਰਵਾਨਾ ਹੋਇਆ। ਇਸ ਮੌਕੇ ਭਾਈ ਜਸਵੀਰ ਸਿੰਘ ਰੋਡੇ, ਸੰਤ ਸੇਵਾ ਸਿੰਘ ਰਾਮਪੁਰ, ਸੰਤ ਲੱਖਾ ਸਿੰਘ ਨਾਨਕਸਰ, ਨਿਹੰਗ ਬਾਬਾ ਨਿਹਾਲ ਸਿੰਘ ਹਰੀਆ ਵੇਲਾ ਦਲ, ਜੈਨ ਸਮਾਜ ਅਤੇ ਵਪਾਰੀ ਆਗੂ ਤਰੁਣ ਕੁਮਾਰ, ਸੇਠ ਦੋਲਤ ਰਾਏ ਪਸੇਰੀਆ, ਸੰਤ ਅਵਤਾਰ ਸਿੰਘ ਸਮੇਤ ਹੋਰਨਾਂ ਸੰਤਾਂ ਮਹਾਂਪੁਰਸ਼ਾਂ ਨੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਬਿਨ੍ਹਾਂ ਦੇਰੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਕਰਕੇ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕੀਤੇ ਜਾਣ।