ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਮਾਰਚ
‘ਮਹਿਲਾਵਾਂ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਹਨ ਅਤੇ ਇਨ੍ਹਾਂ ਵੱਲੋਂ ਰਾਸ਼ਟਰ ਨਿਰਮਾਣ ’ਚ ਪਾਇਆ ਜਾ ਰਿਹਾ ਯੋਗਦਾਨ ਲਾਮਿਸਾਲ ਹੈ।’ ਇਹ ਗੱਲ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਨਿਊ ਮੋਤੀ ਬਾਗ ਪੈਲੇਸ ਵਿੱਚ ਕਰਵਾਏ ਸਮਾਗਮ ਦੌਰਾਨ ਕਹੀ। ਇਸ ਦੌਰਾਨ ਵੱਖ-ਵੱਖ ਖੇਤਰਾਂ ’ਚ ਯੋਗਦਾਨ ਪਾਉਣ ਵਾਲੀਆਂ 13 ਮਹਿਲਾ ਡਾਕਟਰ, 6 ਮਹਿਲਾ ਪੁਲੀਸ ਅਧਿਕਾਰੀ, 4 ਆਂਗਣਵਾੜੀ ਵਰਕਰ, 2 ਅਧਿਆਪਕਾਵਾਂ ਅਤੇ 2 ਸੈਨੀਟੇਸ਼ਨ ਵਰਕਰਾਂ ਸਮੇਤ ਸਵੈ ਸਹਾਇਤਾ ਗਰੁੱਪਾਂ ਦੀਆਂ 6 ਮਹਿਲਾ ਮੈਂਬਰਾਂ ਨੂੰ ਸਨਮਾਨਤ ਕੀਤਾ।
ਪ੍ਰਨੀਤ ਕੌਰ ਨੇ ਕਿ ਇਨ੍ਹਾਂ ਮਹਿਲਾਵਾਂ ਦਾ ਸਮਾਜ ਅਤੇ ਦੇਸ਼ ਨਿਰਮਾਣ ’ਚ ਯੋਗਦਾਨ ਬਹੁਤ ਹੀ ਮਿਸਾਲੀ ਹੈ। ਖਾਸ ਕਰਕੇ ਕੋਵਿਡ ਮਹਾਮਾਰੀ ਦੌਰਾਨ ਇਨ੍ਹਾਂ ਵੱਲੋਂ ਕੀਤੇ ਗਏ ਕਾਰਜ ਹੋਰ ਵੀ ਵਧੇਰੇ ਸ਼ਲਾਘਾਯੋਗ ਹਨ। ਸੰਸਦ ਮੈਂਬਰ ਨੇ ਕਿਹਾ ਕਿ ਨੇ ਮਹਿਲਾਵਾ ਨੂੰ ਪੰਚਾਇਤੀ ਅਤੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਚੋਣਾਂ ’ਚ 50 ਫ਼ੀਸਦੀ ਅਤੇ ਨੌਕਰੀਆਂ ’ਚ ਵੀ 33 ਫ਼ੀਸਦੀ ਰਾਖਵੇਂਕਰਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ।
ਉਨ੍ਹਾਂ ਹੋਰ ਕਿਹਾ ਕਿ ਔਰਤਾਂ ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ ਵਿਸ਼ੇਸ਼ ਤੋਹਫ਼ਾ ਦਿੰਦਿਆਂ, ਬੱਸਾਂ ’ਚ ਮਹਿਲਾਵਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੁੂਲਤ ਪ੍ਰਦਾਨ ਕੀਤੀ ਹੈ। ਅਸ਼ੀਰਵਾਦ ਸਕੀਮ ਦੇ 21000 ਰੁਪਏ ਵਧਾਅ ਕੇ 51000 ਰੁਪਏ ਵੀ ਕਰ ਦਿੱਤੇ ਗਏ ਹਨ। ਇਸ ਮੌਕੇ ਮੁੱਖ ਮੰਤਰੀ ਦੇ ਓ.ਐੱਸ.ਡੀ. ਹਨੀ ਸੇਖੋਂ, ਉਪ ਪ੍ਰਮੁੱਖ ਸਕੱਤਰ ਰਾਜੇਸ਼ ਸ਼ਰਮਾ, ਡਾਇਰੈਕਟਰ ਪਨਗ੍ਰੇਨ ਰਜਨੀਸ਼ ਸ਼ੋਰੀ, ਸੀਡੀਪੀਓ ਸੁਪਰੀਤ ਕੌਰ ਬਾਜਵਾ ਅਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰੀਨਾ ਰਾਣੀ ਵੀ ਮੌਜੂਦ ਸਨ।