ਖੇਤਰੀ ਪ੍ਰਤੀਨਿਧ
ਪਟਿਆਲਾ, 4 ਜੂਨ
ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਕਿ ਨਿੱਜੀ ਉਦਯੋਗਾਂ ਵੱਲੋਂ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਨਿਭਾਉਂਦਿਆਂ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਮਿਸ਼ਨ ਫ਼ਤਹਿ ਤਹਿਤ ਲੜੀ ਜਾ ਰਹੀ ਜੰਗ ਵਿਚ ਪਾਇਆ ਜਾ ਰਿਹਾ ਯੋਗਦਾਨ ਅਹਿਮ ਹੈ। ਉਹ ਅੱਜ ਇੱਥੇ ਆਪਣੀ ਰਿਹਾਇਸ਼ ਵਿਖੇ ਹਿੰਦੁਸਤਾਨ ਯੂਨੀਲਿਵਰ ਲਿਮਿਟਡ ਰਾਜਪੁਰਾ ਵੱਲੋਂ ਕੋਵਿਡ ਤੋਂ ਠੀਕ ਹੋਣ ਮਗਰੋਂ ਵੀ ਆਕਸੀਜਨ ਦੀ ਲੋੜ ਵਾਲੇ ਮਰੀਜ਼ਾਂ ਦੀ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ 25 ਆਕਸੀਜਨ ਕੰਸਨਟਰੇਟਰ ਤੇ ਲੋੜਵੰਦ ਮਹਿਲਾਵਾਂ ਲਈ ਅੱਠ ਈ-ਰਿਕਸ਼ਾ ਸੌਂਪਣ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਕੰਪਨੀ ਨੇ ਇਹ ਕੰਸਨਟਰੇਟਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਡਾ. ਸਤਿੰਦਰ ਸਿੰਘ ਮਰਵਾਹਾ ਦੀ ਪ੍ਰੇਰਨਾ ਸਦਕਾ ਭੇਟ ਕੀਤੇ ਹਨ। ਇਸ ਦੌਰਾਨ ਪਟਿਆਲਾ ਦੀਆਂ ਅੱਠ ਲੋੜਵੰਦ ਮਹਿਲਾਵਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜਨ ਦੇ ਮਕਸਦ ਨਾਲ ਐੱਚਯੂਐੱਲ ਵੱਲੋਂ ਅੱਠ ਈ-ਰਿਕਸ਼ਾ ਵੀ ਭੇਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਨਿੱਜੀ ਭਾਈਵਾਲਾਂ ਨੂੰ ਵੀ ਕੋਵਿਡ ਮਹਾਮਾਰੀ ਵਿਰੁੱਧ ਲੜੀ ਜਾ ਰਹੀ ਜੰਗ ਵਿਚ ਯੋਗਦਾਨ ਪਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਸੀ, ਜਿਸ ਤਹਿਤ ਨਿੱਜੀ ਉਦਯੋਗਿਕ ਇਕਾਈਆਂ ਤੇ ਵਪਾਰਕ ਅਦਾਰਿਆਂ ਤੋਂ ਭਰਵਾਂ ਹੁੰਗਾਰਾ ਮਿਲਿਆ ਹੈ।
ਲੋਕ ਸਭਾ ਮੈਂਬਰ ਨੇ ਹਿੰਦੁਸਤਾਨ ਯੂਨੀਲਿਵਰ ਲਿਮਿਟਡ ਰਾਜਪੁਰਾ ਵੱਲੋਂ ਆਰੰਭੇ ਗਏ ‘ਮਿਸ਼ਨ ਹੋਪ’ ਤਹਿਤ ਆਕਸੀਜਨ ਕੰਸਨਟਰੇਟਰ ਅਤੇ ਮਹਿਲਾਵਾਂ ਨੂੰ ਸਵੈ-ਰੁਜ਼ਗਾਰ ਲਈ ਈ-ਰਿਕਸ਼ਾ ਦਿੱਤੇ ਜਾਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਿੱਜੀ ਭਾਈਵਾਲਾਂ ਦੀ ਮਦਦ ਸਰਕਾਰ ਦੀ ਕਰੋਨਾ ਖ਼ਿਲਾਫ ਜੰਗ ਨੂੰ ਹੋਰ ਵਧੇਰੇ ਮਜ਼ਬੂਤ ਕਰੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਸਥਾਪਤ ਕੀਤੇ ਗਏ ਆਕਸੀਜਨ ਕੰਸਨਟਰੇਟਰ ਬੈਂਕ ’ਚੋਂ ਕੰਸਨਟਰੇਟਰ ਰਾਜਪੁਰਾ, ਘਨੌਰ, ਸਮਾਣਾ, ਨਾਭਾ, ਭਾਦਸੋਂ, ਪਾਤੜਾਂ ਤੇ ਸ਼ੁਤਰਾਣਾ ਦੇ ਹਸਪਤਾਲਾਂ ’ਚ ਰੱਖੇ ਗਏ ਹਨ ਤਾਂ ਜੋ ਉੱਥੋਂ ਦੇ ਮਰੀਜਾਂ ਨੂੰ ਇਹ ਸੁਵਿਧਾ ਦਿੱਤੀ ਜਾ ਸਕੇ।
ਐੱਚਯੂਐੱਲ ਰਾਜਪੁਰਾ ਫੈਕਟਰੀ ਦੇ ਮੈਨੇਜਰ ਸਵਿੰਦਰ ਸਿੰਘ, ਪੁਨੀਤ ਚੌਧਰੀ ਤੇ ਮਹਿਮਾ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਭਵਿੱਖ ਵਿਚ ਵੀ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਬੀਬਾ ਜੈਇੰਦਰ ਕੌਰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਡਾ. ਸਤਿੰਦਰ ਸਿੰਘ ਮਰਵਾਹਾ, ਰਾਜ ਸੂਚਨਾ ਕਮਿਸ਼ਨਰ ਹਨੀ ਸੇਖੋਂ, ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਰਾਜੇਸ਼ ਸ਼ਰਮਾ, ਨਿੱਜੀ ਸਕੱਤਰ ਬਲਵਿੰਦਰ ਸਿੰਘ, ਕੌਂਸਲਰ ਨਰੇਸ਼ ਦੁੱਗਲ ਤੇ ਵਿਜੈ ਕੂਕਾ, ਏਡੀਸੀ ਪੂਜਾ ਸਿਆਲ, ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੈਂਬਰ ਸਕੱਤਰ ਇੰਜਨੀਅਰ ਕਰੁਨੇਸ਼ ਗਰਗ, ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਨੋਡਲ ਡਰੱਗ ਅਥਾਰਿਟੀ ਨਵਜੋਤ ਕੌਰ ਆਦਿ ਵੀ ਮੌਜੂਦ ਸਨ।