ਸੁਭਾਸ਼ ਚੰਦਰ
ਸਮਾਣਾ, 15 ਅਕਤੂਬਰ
ਪਿੰਡ ਚੋਂਹਠ ਨੇੜੇ ਸਥਿਤ ਇੱਕ ਸ਼ਰਾਬ ਦੇ ਠੇਕੇ ’ਤੇ ਕੰਮ ਕਰਦੇ ਇੱਕ ਕਰਿੰਦੇ ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਸਦਰ ਪੁਲੀਸ ਦੇ ਮੁਲਾਜ਼ਮਾਂ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੌਰਚਰੀ ਵਿੱਚ ਰਖਵਾ ਦਿੱਤਾ। ਮ੍ਰਿਤਕ ਮਾਨਵੇਂਦਰ ਪ੍ਰਤਾਪ ਸਿੰਘ ਉਰਫ ਪੰਕਜ (32) ਵਾਸੀ ਪਿੰਡ ਡਗਡਾਹਾ ਜ਼ਿਲ੍ਹਾ ਪੂਰਬੀ ਚੰਪਾਰਨ (ਬਿਹਾਰ) ਦੇ ਭਰਾ ਰਣਵਿਜੇ ਸਿੰਘ, ਭਤੀਜੇ ਉੱਜਵਲ ਕੁਮਾਰ ਸਿੰਘ ਤੇ ਉਸ ਨਾਲ ਮੌਜੂਦ ਸੁਬੋਧ ਨਾਮੀਂ ਨੌਜਵਾਨ ਨੇ ਇਸ ਨੂੰ ਹੱਤਿਆ ਦਾ ਮਾਮਲਾ ਦੱਸਿਆ। ਜਾਂਚ ਅਧਿਕਾਰੀ ਏ.ਐੱਸ.ਆਈ. ਜਸਵਿੰਦਰ ਸਿੰਘ ਨੇ ਮ੍ਰਿਤਕ ਦੀਆਂ ਬਾਹਾਂ ਅਤੇ ਲੱਤਾਂ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਲੱਗੇ ਹੋਣ ਦੀ ਪੁਸ਼ਟੀ ਕੀਤੀ ਪਰ ਹੱਤਿਆ ਸਬੰਧੀ ਕੋਈ ਸਪੱਸ਼ਟ ਜਵਾਬ ਨਾ ਦਿੰਦਿਆਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ। ਡੀ.ਐੱਸ.ਪੀ. ਸੌਰਵ ਜਿੰਦਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਉਪਰੰਤ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।