ਪੱਤਰ ਪ੍ਰੇਰਕ
ਪਾਤੜਾਂ, 12 ਅਕਤੂਬਰ
ਪਿੰਡ ਮੌਲਵੀਵਾਲਾ ਵਿੱਚ ਘਰਾਂ ਨੇੜੇ ਬਣੇ ਸ਼ਰਾਬ ਦੇ ਠੇਕੇ ਦਾ ਮਾਮਲਾ ਅੱਜ ਕਾਫ਼ੀ ਗਰਮਾ ਗਿਆ। ਬੀਤੀ ਰਾਤ ਠੇਕੇ ਉਤੇ ਸ਼ਰਾਬ ਲੈਣ ਆਏ ਵਿਅਕਤੀਆਂ ਵੱਲੋਂ ਕੀਤੀ ਗਈ ਗਾਲੀ ਗਲੋਚ ਨੂੰ ਲੈ ਕੇ ਹੋਏ ਝਗੜੇ ਮਗਰੋਂ ਅੱਜ ਤੜਕਸਾਰ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮੁਹੱਲਾ ਵਾਸੀਆਂ ਵੱਲੋਂ ਐਕਸਾਈਜ਼ ਵਿਭਾਗ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਠੇਕੇ ਨੂੰ ਪਿੰਡ ਵਿੱਚੋਂ ਬਾਹਰ ਕੱਢਣ ਦੀ ਮੰਗ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਔਰਤਾਂ ਨੇ ਘਰਾਂ ਨੇੜੇ ਖੋਲ੍ਹੇ ਸ਼ਰਾਬ ਦੇ ਠੇਕੇ ਨੂੰ ਜਿੰਦਰਾ ਲਾ ਕੇ ਧਰਨਾ ਲਾ ਦਿੱਤਾ। ਮਾਮਲੇ ਦਾ ਪਤਾ ਲੱਗਦਿਆਂ ਹੀ ਪੁਲੀਸ ਨੇ ਮੌਕੇ ਉਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੁਹੱਲਾ ਨਿਵਾਸੀ ਠੇਕਾ ਬੰਦ ਕਰਨ ਦੀ ਮੰਗ ਉਤੇ ਅੜੇ ਰਹੇ।
ਸ਼ਰਾਬ ਦੇ ਠੇਕੇ ਸਾਹਮਣੇ ਧਰਨਾ ਦੇ ਰਹੇ ਮੈਂਬਰ ਪੰਚਾਇਤ ਚਰਨਾ ਸਿੰਘ, ਬਲਜਿੰਦਰ ਸਿੰਘ, ਕਾਲਾ ਸਿੰਘ, ਮਨਜੀਤ ਸਿੰਘ, ਸੋਨਾ ਕੌਰ, ਕੁਲਦੀਪ ਕੌਰ, ਚਰਨਜੀਤ ਕੌਰ, ਭੁਪਿੰਦਰ ਕੌਰ, ਭੁਪਿੰਦਰ ਸਿੰਘ ਅਤੇ ਗੁਰਜੰਟ ਸਿੰਘ ਦੀ ਅਗਵਾਈ ਵਿੱਚ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਨਾਲ ਸ਼ਰਾਬ ਦਾ ਠੇਕਾ ਕਈ ਸਾਲਾਂ ਤੋਂ ਖੁੱਲ੍ਹਿਆ ਹੋਇਆ ਹੈ। ਇਸ ਦਾ ਵਿਰੋਧ ਉਨ੍ਹਾਂ ਵੱਲੋਂ ਕਈ ਵਾਰ ਕੀਤਾ ਗਿਆ ਸੀ ਪਰ ਕੋਈ ਸੁਣਵਾਈ ਨਾ ਹੋਣ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਹਨ। ਇੱਥੇ ਸ਼ਰਾਬੀ ਰੋਜ਼ਾਨਾ ਹੀ ਅੱਧੀ ਰਾਤ ਤੱਕ ਰੌਲਾ ਪਾਉਦੇ ਹਨ ਅਤੇ ਗਾਲੀ ਗਲੋਚ ਕਰਦੇ ਹਨ।
ਪਿੰਡ ਦੇ ਆਗੂਆਂ ਨੇ ਦੱਸਿਆ ਕਿ ਇਹ ਠੇਕਾ ਬੰਦ ਕਰਵਾਉਣ ਲਈ ਉਨ੍ਹਾਂ ਨੇ ਉਪ ਮੰਡਲ ਮੈਜਿਸਟ੍ਰੇਟ ਪਾਤੜਾਂ ਅਤੇ ਐਕਸਾਈਜ਼ ਵਿਭਾਗ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਹੈ। ਧਰਨਾਕਾਰੀ ਔਰਤਾਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਠੇਕੇ ਨੂੰ ਜਿੰਦਰਾ ਲਾ ਦਿੱਤਾ ਹੈ ਅਤੇ ਇਹ ਧਰਨਾ ਉਸ ਸਮੇਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਇਹ ਠੇਕਾ ਬੰਦ ਨਹੀ ਕੀਤਾ ਜਾਂਦਾ।
ਠੇਕੇਦਾਰਾਂ ਵੱਲੋਂ ਠੇਕਾ ਬੰਦ ਕਰਨ ਦਾ ਐਲਾਨ
ਮੌਕੇ ’ਤੇ ਮੌਜੂਦ ਥਾਣੇਦਾਰ ਨਵਦੀਪ ਕੌਰ ਦੀ ਅਗਵਾਈ ਵਿੱਚ ਪੁੱਜੀ ਪੁਲੀਸ ਪਾਰਟੀ ਨੇ ਧਰਨਾਕਾਰੀਆਂ ਨੂੰ ਸਮਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਰੋਹ ਵਿੱਚ ਆਏ ਪ੍ਰਦਰਸ਼ਨਕਾਰੀ ਠੇਕਾ ਬੰਦ ਕਰਵਾਉਣ ’ਤੇ ਅੜ੍ਹੇ ਰਹੇੇ। ਇਸ ਬਾਰੇ ਸ਼ਰਾਬ ਦੇ ਠੇਕੇਦਾਰਾਂ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਸ਼ਰਾਬ ਦਾ ਠੇਕਾ ਬੰਦ ਕਰ ਦਿੱਤਾ ਹੈ ਅਤੇ ਪਿੰਡ ਦੇ ਲੋਕਾਂ ਦੀ ਸਹਿਮਤੀ ਨਾਲ ਠੇਕਾ ਆਬਾਦੀ ਤੋਂ ਬਾਹਰ ਖੋਲ੍ਹਿਆ ਜਾਵੇਗਾ।