ਜੈਸਮੀਨ ਭਾਰਦਵਾਜ
ਨਾਭਾ, 7 ਦਸੰਬਰ
ਕਾਂਗਰਸ ਦੇ ਸਾਬਕਾ ਮੰਤਰੀ ਦੇ ਨਜ਼ਦੀਕੀ ਪਿੰਡ ਥੂਹੀ ਦੇ ਕਾਂਗਰਸੀ ਸਰਪੰਚ ਇੰਦਰਜੀਤ ਚੀਕੂ ਖ਼ਿਲਾਫ਼ ਰਾਮਗੜ੍ਹ ਪਿੰਡ ਵਾਸੀ ਨੂੰ ਅਗਵਾ ਕਰਕੇ ਕੁੱਟਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਕੇਸ ਦੇ ਮੁਤਾਬਕ ਪੀੜਤ ਸਤਗੁਰ ਸਿੰਘ ਨੂੰ 3 ਦਸੰਬਰ ਨੂੰ ਰਾਮਗੜ੍ਹ ਪਿੰਡ ਦੇ ਠੇਕੇ ’ਤੇ ਜਦੋਂ ਕਥਿਤ ਬਗ਼ੈਰ ਸੀਲ ਤੋਂ ਸ਼ਰਾਬ ਦੀ ਬੋਤਲ ਦਿੱਤੀ ਗਈ ਤਾਂ ਠੇਕੇ ਦੇ ਕਰਿੰਦੇ ਨਾਲ ਉਸਦੀ ਬਹਿਸ ਹੋ ਗਈ। ਜਿਸ ਪਿੱਛੋਂ ਠੇਕੇ ਦੇ ਮਾਲਕ ਚੀਕੂ ਨੇ 5-6 ਨਾਮਾਲੂਮ ਵਿਅਕਤੀਆਂ ਨੂੰ ਬੁਲਾ ਕੇ ਸਤਗੁਰ ਨੂੰ ਕਥਿਤ ਹਾਕੀਆਂ ਨਾਲ ਕੁੱਟਿਆ ਅਤੇ ਜ਼ਬਰੀ ਉਸ ਕੋਲੋਂ ਪੈਸੇ ਲਏ। ਨਾਲ ਹੀ ਪਿਸਤੌਲ ਦਿਖਾ ਕੇ ਧਮਕੀਆਂ ਦਿੱਤੀਆਂ ਅਤੇ ਉਸਨੂੰ ਅਗਵਾ ਕਰਕੇ ਕਿਸੇ ਨਾ ਮਾਲੂਮ ਜਗਾ ’ਤੇ ਲੈ ਗਏ, ਜਿਥੇ ਉਸ ਨਾਲ ਹੋਰ ਕੁੱਟਮਾਰ ਕਰਨ ਦੌਰਾਨ ਉਸਦੀ ਬਾਂਹ ਤੋੜ ਦਿੱਤੀ ਗਈ ਅਤੇ ਫਿਰ ਉਸਨੂੰ ਥਾਣੇ ਲੈ ਗਏ। ਸਤਗੁਰ ਨੇ ਦੱਸਿਆ ਕਿ ਇੰਨੀ ਕੁੱਟਮਾਰ ਦੇ ਬਾਵਜੂਦ ਚੀਕੂ ਨੂੰ ਪੁਲੀਸ ਦਾ ਕੋਈ ਡਰ ਨਹੀਂ ਸੀ, ਬਲਕਿ ਮੁਲਜ਼ਮ ਉਸਨੂੰ ਆਪ ਥਾਣੇ ਲੈ ਗਏ ਜਿੱਥੇ ਉਹ ਸਤਗੁਰ ਉੱਪਰ ਠੇਕੇ ਤੋਂ ਪੈਸਿਆਂ ਦੀ ਲੁੱਟ ਦਾ ਝੂਠਾ ਇਲਜ਼ਾਮ ਲਗਾਉਣਾ ਚਾਹੁੰਦਾ ਸੀ ਪਰ ਥਾਣੇ ਵਿੱਚ ਪੀੜਤ ਦੇ ਘਰ ਦੇ ਉਸ ਦੀ ਭਾਲ ਦੀ ਦਰਖ਼ਾਸਤ ਲੈ ਕੇ ਪਹਿਲਾਂ ਹੀ ਹਾਜ਼ਰ ਸਨ। ਪੀੜਤ ਮੁਤਾਬਕ ਇਸਦੇ ਬਾਵਜੂਦ ਪੁਲੀਸ ਨੇ ਚੀਕੂ ਉੱਪਰ ਕੋਈ ਕਾਰਵਾਈ ਨਾ ਕੀਤੀ ਅਤੇ ਜਦੋਂ ਉਨ੍ਹਾਂ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ ਤਾਂ ਤੀਜੇ ਦਿਨ ਜਾ ਕੇ ਸਤਗੁਰ ਦਾ ਬਿਆਨ ਲਿਖਿਆ ਗਿਆ।
ਪੀੜਤ ਦੇ ਪੁੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਅਜੇ ਵੀ ਪੁਲੀਸ ਨੇ ਮਾਮੂਲੀ ਸੱਟ ਦੀ ਧਾਰਾ ਲਾ ਕੇ ਹੀ ਕੰਮ ਸਾਰ ਲਿਆ ਹੈ ਅਤੇ ਅਸਲੇ ਸਬੰਧੀ ਕੋਈ ਧਾਰਾ ਨਹੀਂ ਲਗਾਈ ਗਈ ਅਤੇ ਨਾ ਹੀ ਮੁਲਜ਼ਮ ਦੀ ਕੋਈ ਗ੍ਰਿਫ਼ਤਾਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋ ਦਿਨਾਂ ਮਗਰੋਂ ਪੀੜਤ ਦੀ ਬਾਂਹ ਵਿੱਚ ਓਪਰੇਸ਼ਨ ਰਾਹੀਂ ਪਲੇਟਾਂ ਪੈਣੀਆਂ ਹਨ ਜਿਸ ’ਤੇ ਕਾਫੀ ਖਰਚਾ ਆਵੇਗਾ। ਇਸੇ ਦੌਰਾਨ ਨਾਭਾ ਦੇ ਡੀਐੱਸਪੀ ਰਾਜੇਸ਼ ਛਿੱਬਰ ਨੇ ਕਿਹਾ ਕਿ ਉਹ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰਨਗੇ ਅਤੇ ਦੋਸ਼ੀਆਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।