ਪੱਤਰ ਪ੍ਰੇਰਕ
ਦੇਵੀਗੜ੍ਹ, 14 ਅਕਤੂਬਰ
ਪੰਜਾਬ ਹਰਿਆਣੇ ਦੀ ਹੱਦ ਉਤੇ ਵੱਸੇ ਪੰਜਾਬ ਦੇ ਪਿੰਡ ਬਿੰਜਲ ਤੋਂ ਹਰਿਆਣਾ ਬਾਰਡਰ ਤੱਕ ਲਿੰਕ ਸੜਕ ਦਾ ਬਹੁਤ ਹੀ ਬੁਰਾ ਹਾਲ ਹੈ। ਇਸ ਸੜਕ ’ਤੇ ਪੰਜਾਬ ਤੋਂ ਹਰਿਆਣਾ ਅਤੇ ਹਰਿਆਣਾ ਤੋਂ ਪੰਜਾਬ ਨੂੰ ਜਾਣ ਵਾਲੇ ਮੁਸਾਫਰਾਂ ਦੀ ਭਾਰੀ ਗਿਣਤੀ ਰਹਿੰਦੀ ਹੈ ਕਿਉਂਕਿ ਇਸ ਸੜਕ ਰਾਹੀਂ ਦੋਵਾਂ ਸੂਬਿਆਂ ਦੇ ਲੋਕਾਂ ਦਾ ਬਹੁਤ ਜ਼ਿਆਦਾ ਆਉਣਾ ਜਾਣਾ ਰਹਿੰਦਾ ਹੈ ਪਰ ਇਸ ਸਵਾ ਕਿਲੋਮੀਟਰ ਸੜਕ ਦਾ ਟੁਕੜਾ ਥਾਂ ਥਾਂ ਤੋਂ ਟੁੱਟਿਆ ਪਿਆ ਹੈ ਅਤੇ ਇਸ ਟੁਕੜੇ ਵਿੱਚ ਸੈਂਕੜੇ ਹੀ ਵੱਡੇ ਵੱਡੇ ਖੰਡੇ ਹਨ। ਇਸ ਟੁਕੜੇ ਤੋਂ ਲੋਕਾਂ ਦਾ ਲੰਘਣਾ ਬਹੁਤ ਹੀ ਔਖਾ ਹੋ ਗਿਆ ਹੈ। ਇਥੋਂ ਝੋਨੇ ਦੀਆਂ ਭਰੀਆਂ ਟਰਾਲੀਆਂ ਦਾ ਕੁਝ ਨਾ ਕੁਝ ਟੁੱਟਦਾ ਹੀ ਰਹਿੰਦਾ ਹੈ। ਪਰ ਸਬੰਧਤ ਵਿਭਾਗ ਦੇ ਅਧਿਕਾਰੀ ਅਤੇ ਇਲਾਕੇ ਦੇ ਸਿਆਸੀ ਆਗੂ ਸੜਕ ਦੇ ਇਸ ਟੁੱਟੇ ਹੋਏ ਟੁਕੜੇ ਵੱਲ ਧਿਆਨ ਨਹੀਂ ਦੇ ਰਹੇ।
ਇੱਕ ਪਾਸੇ ਉਨ੍ਹਾਂ ਦਾ ਕਹਿਣਾ ਹੈ ਕਿ ਹਲਕਾ ਸਨੌਰ ਦਾ ਭਾਰੀ ਵਿਕਾਸ ਹੋ ਰਿਹਾ ਹੈ ਪਰ ਦੂਜੇ ਪਾਸੇ ਬਹੁਤ ਸਾਰੀਆਂ ਅਜਿਹੀਆਂ ਸੜਕਾਂ ਹਨ, ਜਿਨ੍ਹਾਂ ’ਤੇ ਵਹੀਕਲਾਂ ਦਾ ਚੱਲਣਾ ਵੀ ਮੁਸ਼ਕਲ ਹੋਇਆ ਪਿਆ ਹੈ। ਪਿੰਡ ਬਿੰਜਲ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦੀ ਸਬੰਧਤ ਵਿਭਾਗ ਤੋਂ ਮੰਗ ਹੈ ਕਿ ਹਰਿਆਣਾ ਨੂੰ ਜਾਂਦੀ ਇਸ ਸਵਾ ਡੇਢ ਕਿਲੋਮੀਟਰ ਟੁਕੜੇ ਦੀ ਜਲਦੀ ਮੁਰੰਮਤ ਕਰਵਾਈ ਜਾਵੇ।