ਪੱਤਰ ਪ੍ਰੇਰਕ
ਸਮਾਣਾ, 21 ਅਗਸਤ
ਮਵੀ ਕਲਾਂ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇੱਕ ਘਰ ਵਿੱਚ ਛਾਪਾ ਮਾਰ ਕੇ ਸ਼ਰਾਬ ਤਿਆਰ ਕਰਨ ਲਈ ਰੱਖੀ 408 ਲਿਟਰ ਲਾਹਣ ਬਰਾਮਦ ਕੀਤੀ ਹੈ ਜਦੋਂਕਿ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਮੁਲਜ਼ਮ ਦੀ ਪਛਾਣ ਗੁਰਮੁੱਖ ਸਿੰਘ ਪੁੱਤਰ ਪਿਆਰਾ ਸਿੰਘ ਪਿੰਡ ਵਾਸੀ ਮਰੋੜੀ ਵਜੋਂ ਹੋਈ ਹੈ ਜਿਸ ਖਿਲਾਫ਼ ਐਕਸਾਈਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸਦਰ ਪੁਲੀਸ ਥਾਣਾ ’ਚ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਸਦਰ ਪੁਲੀਸ ਮੁਖੀ ਮਹਿਮਾ ਸਿੰਘ ਨੇ ਦੱਸਿਆ ਕਿ ਮਵੀ ਕਲਾਂ ਪੁਲੀਸ ਦੇ ਏਐੱਸਆਈ ਲਾਭ ਸਿੰਘ ਸਣੇ ਪੁਲੀਸ ਪਾਰਟੀ ਨੇ ਟੀ-ਪੁਆਇੰਟ ’ਤੇ ਪਿੰਡ ਮਰੋੜੀ ਨੇੜੇ ਨਾਕਾ ਲਾਇਆ ਹੋਇਆ ਸੀ ਕਿ ਇਸ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਲਾਭ ਸਿੰਘ ਦੇ ਘਰ ਛਾਪਾ ਮਾਰਨ ’ਤੇ ਘਰ ’ਚ ਸ਼ਰਾਬ ਤਿਆਰ ਕਰਨ ਲਈ ਪਲਾਸਟਿਕ ਦੇ ਭਰੇ ਦੋ ਡਰੰਮ ਲਾਹਣ ਬਰਾਮਦ ਹੋਈ। ਮਿਣਤੀ ਕਰਨ ਤੇ ਉਸ ਵਿੱਚੋਂ ਚਾਰ ਸੌ ਅੱਠ ਲਿਟਰ ਲਾਹਣ ਨਿਕਲੀ ਜਦੋਂਕਿ ਮੁਲਜ਼ਮ ਪੁਲੀਸ ਪਾਰਟੀ ਨੂੰ ਦੇਖ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਸ਼ਰਾਬ ਤਿਆਰ ਕਰ ਕੇ ਵੇਚਣ ਦਾ ਆਦੀ ਹੈ ਜਿਸ ’ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ਮਹਿਲਾ ਤੋਂ ਗਾਂਜਾ ਬਰਾਮਦ
ਪਟਿਆਲਾ: ਪੁਲੀਸ ਵੱਲੋਂ ਇੱਕ ਮਹਿਲਾ ਦੇ ਕਬਜ਼ੇ ਵਿੱਚੋਂ 800 ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਅਜੈਬ ਸਿੰਘ ਜਦੋਂ ਪੁਲੀਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਇੱਥੋਂ ਦੀ ਤੇਜ਼ਬਾਗ਼ ਕਲੋਨੀ ਪਾਸ ਪੈਦਲ ਤੁਰੀ ਆਉਂਦੀ ਇੱਕ ਮਹਿਲਾ ਨੇ ਪੁਲੀਸ ਪਾਰਟੀ ਨੂੰ ਦੇਖ ਕੇ ਆਪਣੇ ਹੱਥ ਵਿੱਚ ਫੜਿਆ ਲਿਫਾਫਾ ਸੁੱਟ ਦਿੱਤਾ। ਪੁਲੀਸ ਨੇ ਜਦੋਂ ਇਹ ਲਿਫਾਫਾ ਚੈੱਕ ਕੀਤਾ ਤਾਂ ਇਸ ਵਿੱਚੋਂ 800 ਗ੍ਰਾਮ ਗਾਂਜਾ ਬਰਾਮਦ ਹੋਇਆ। ਮਹਿਲਾ ਮੁਲਜ਼ਮ ਦੀ ਪਛਾਣ ਸੀਮਾ ਵਜੋਂ ਹੋਈ ਹੈ ਜਿਸ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। -ਖੇਤਰੀ ਪ੍ਰਤੀਨਿਧ