ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਅਕਤੂਬਰ
ਨਗਰ ਨਿਗਮ ਪਟਿਆਲਾ ਵੱਲੋਂ ਸ਼ਾਹੀ ਸ਼ਹਿਰ ਵਿਚਲੀਆਂ ਸਮੂਹ ਡੇਅਰੀਆਂ ਨੂੰ ਸ਼ਹਿਰ ਵਿੱਚੋਂ ਬਾਹਰ ਕੱਢਣ ਸਬੰਧੀ ਆਖ਼ਰੀ ਮੌਕੇ ਵਜੋਂ 30 ਸਤੰਬਰ ਦਾ ਦਿਨ ਮੁਕੱਰਰ ਕੀਤਾ ਗਿਆ ਸੀ। ਪਰ ਡੇਅਰੀ ਮਾਲਕਾਂ ਦਾ ਤਰਕ ਹੈ ਕਿ ਇਹ ਡੇਅਰੀਆਂ ਤਬਦੀਲ ਕਰਨ ਲਈ ਨਿਰਧਾਰਿਤ ਕੀਤੀ ਸਾਈਟ ’ਤੇ ਢੁਕਵੇਂ ਪ੍ਰ੍ਰਬੰਧ ਨਾ ਹੋਣ ਕਰ ਕੇ ਅਜੇ ਡੇਅਰੀਆਂ ਤਬਦੀਲ ਨਹੀਂ ਕੀਤੀਆਂ ਜਾ ਸਕਦੀਆਂ। ਵੀਰਵਾਰ ਨੂੰ 30 ਸਤੰਬਰ ਨੂੰ ਪਟਿਆਲਾ ਵਿਚਲੇ ਸਮੂਹ ਡੇਅਰੀ ਮਾਲਕ ਇਨਸਾਫ਼ ਦੀ ਖਾਤਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਚੰਡੀਗੜ੍ਹ ਚਲੇ ਗਏ।
ਉਂਜ ਭਾਵੇਂ ਕਿ ਉਨ੍ਹਾਂ ਦੀ ਮੁੱਖ ਮੰਤਰੀ ਦੇ ਨਾਲ਼ ਮੁਲਾਕਾਤ ਕਰੀਬ ਅੱਧੀ ਰਾਤ ਨੂੰ ਹੀ ਹੋ ਸਕੀ। ਡੇਅਰੀ ਮਾਲਕਾਂ ਦੀ ਫ਼ਰਿਆਦ ਸੁਣਨ ਮਗਰੋਂ ਮੁੱਖ ਮੰਤਰੀ ਨੇ ਅੱਧੀ ਰਾਤ ਨੂੰ ਹੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਫੋਨ ਕੀਤਾ। ਉਨ੍ਹਾਂ ਨੇ ਡੀਸੀ ਨੂੰ ਤਾਕੀਦ ਕੀਤੀ ਕਿ ਸਬੰਧਿਤ ਸਾਈਟ ’ਤੇ ਸਾਰੀਆਂ ਨਿਰਧਾਰਿਤ ਅਤੇ ਢੁਕਵੀਂਆਂ ਸਹੂਲਤਾਂ ਦਾ ਪ੍ਰਬੰਧ ਕੀਤੇ ਬਿਨਾ ਕਿਸੇ ਵੀ ਡੇਅਰੀ ਸੰਚਾਲਕ/ਮਾਲਕ ਨੂੰ ਸ਼ਹਿਰ ਵਿਚੋਂ ਬਾਹਰ ਨਾ ਤਬਦੀਲ ਕੀਤਾ ਜਾਵੇ।
ਜਿਕਰਯੋਗ ਹੈ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿਚਲੀਆਂ ਸਮੂਹ ਡੇਅਰੀਆਂ ਨੂੰ ਸ਼ਹਿਰ ਵਿਚੋਂ ਬਾਹਰ ਤਬਦੀਲ ਕਰਨ ਲਈ ਸ਼ਹਿਰ ਦੇ ਬਾਹਰ ਅਬਲੋਵਾਲ ਸਥਿਤ ਵਿਸ਼ੇਸ਼ ਥਾਂ ਨਿਰਧਾਰਿਤ ਕੀਤੀ ਗਈ ਹੈ। ਡੇਅਰੀਆਂ ਨੂੰ ਬਾਹਰ ਕੱਢਣ ਲਈ ਪਹਿਲਾਂ ਵੀ ਤਾਰੀਖ਼ਾਂ ਵਧਾਈਆਂ ਜਾ ਚੁੱਕੀਆਂ ਹਨ। ਉਂਜ ਇਹ ਨਾ ਸਿਰਫ਼ ਨਗਰ ਨਿਗਮ, ਬਲਕਿ ਸ਼ਹਿਰ ਵਾਸੀ ਵੀ ਡੇਅਰੀਆਂ ਨੂੰ ਬਾਹਰ ਤਬਦੀਲ ਕਰਨ ਦੇ ਹੱਕ ’ਚ ਹਨ। ਕਿਉਂਕਿ ਕਈ ਡੇਅਰੀ ਮਾਲਕਾਂ ਵੱਲੋਂ ਗੋਹੇ ਅਤੇ ਡੇਅਰੀਆਂ ਤੋਂ ਉਤਪਨ ਹੁੰਦੇ ਹੋਰ ਕੂੜੇ ਕਰਕਟ ਦੀ ਢੁਕਵੀਂ ਸੰਭਾਲ਼ ਨਾ ਕਰਨ ਕਰਕੇ ਸੀਵਰੇਜ ਬੰਦ ਹੋਣ ਦੀ ਸਮੱਸਿਆ ਵੀ ਪੇਸ਼ ਆਉਂਦੀ ਰਹੀ ਹੈ। ਪਰ ਦੂਜੇ ਬੰਨ੍ਹੇ ਡੇਅਰੀਆਂ ਲਈ ਨਿਰਧਾਰਤ ਕੀਤੀ ਗਈ ਸਾਈਟ ’ਤੇ ਵੀ ਅਜੇ ਤੱਕ ਨਿਗਮ ਵੱਲੋਂ ਪੂਰੇ ਪ੍ਰਬੰਧ ਨਾ ਕੀਤੇ ਜਾਣ ਦੇ ਦੋਸ਼ ਲੱਗਦੇ ਰਹੇ ਹਨ। ਸੰਪਰਕ ਕਰਨ ’ਤੇ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਰਾਤ ਨੂੰ ਮੁੱਖ ਮੰਤਰੀ ਦੀ ਫੋਨ ਕਾਲ ਆਉਣ ਅਤੇ ਅੱਜ ਦਿਨ ਵੇਲ਼ੇ ਉਨ੍ਹਾਂ ਨੂੰ ਡੇਅਰੀ ਮਾਲਕਾਂ ਵੱਲੋਂ ਮੰਗ ਪੱਤਰ ਦਿੱਤਾ ਹੋਣ ਦੀ ਪੁਸ਼ਟੀ ਕੀਤੀ ਹੈ।