ਪੱਤਰ ਪ੍ਰੇਰਕ
ਪਟਿਆਲਾ, 4 ਸਤੰਬਰ
ਸੰਘਰਸ਼ ਕਰ ਰਹੇ ਜੰਗਲਾਤ ਕਾਮਿਆਂ ਨੂੰ ਸਰਕਾਰ ਵੱਲੋਂ ਤਨਖ਼ਾਹਾਂ ਛੇਤੀ ਜਾਰੀ ਕਰਨ ਦਾ ਵਾਅਦਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ 1 ਸਤੰਬਰ ਨੂੰ ਸੰਘਰਸ਼ ਕਰ ਰਹੇ ਜੰਗਲਾਤ ਕਾਮਿਆਂ ਨੂੰ ਅੱਧੀ ਰਾਤ ਨੂੰ ਕਾਰ ਨੇ ਦਰੜ ਦਿੱਤੇ ਸਨ। ਚਾਰ ਦਿਨ ਬੀਤ ਜਾਣ ਤੋਂ ਬਾਅਦ ਅੱਜ ਰਾਜਿੰਦਰਾ ਹਸਪਤਾਲ ਵਿਚ ਜ਼ਖ਼ਮੀ ਕਾਮਿਆਂ ਦਾ ਪਤਾ ਲੈਣ ਲਈ ਪੰਜਾਬ ਦੇ ਵਧੀਕ ਪ੍ਰਧਾਨ ਮੁੱਖ ਵਣਪਾਲ ਧਰਮਿੰਦਰ ਸ਼ਰਮਾ ਪੁੱਜੇ। ਉਨ੍ਹਾਂ ਨਾਲ ਡੀਐਫਓ ਵਿੱਦਿਆ ਸਾਗਰੀ ਵੀ ਸਨ। ਦੀ ਕਲਾਸ ਫੋਰਥ ਯੂਨੀਅਨ ਦੇ ਆਗੂਆਂ ਨਾਲ ਮਿਲ ਕੇ ਅੱਜ ਪੰਜਾਬ ਦੇ ਵਧੀਕ ਪ੍ਰਧਾਨ ਮੁੱਖ ਵਣ ਪਾਲ ਧਰਮਿੰਦਰ ਸ਼ਰਮਾ ਨੇ ਪ੍ਰਦਰਸ਼ਨਕਾਰੀਆਂ ਨੂੰ ਧਰਨਾ ਚੁੱਕਣ ਦੀ ਅਪੀਲ ਕੀਤੀ ਹੈ। ਪਰ ਕਾਮਿਆਂ ਨੇ ਕਿਹਾ ਜਦੋਂ ਉਨ੍ਹਾਂ ਦੀਆਂ ਛੇ ਮਹੀਨੇ ਦੀਆਂ ਤਨਖ਼ਾਹਾਂ ਬੈਂਕ ਖਾਤਿਆਂ ਵਿਚ ਆ ਜਾਣਗੀਆਂ ਉਹ ਦਿਨ ਰਾਤ ਦਾ ਧਰਨਾ ਚੁੱਕ ਲੈਣਗੇ।
ਧਰਮਿੰਦਰ ਸ਼ਰਮਾ ਵਣ ਵਿਭਾਗ ਦੇ ਪਟਿਆਲਾ ਸਥਿਤ ਮੰਡਲ ਦਫ਼ਤਰ ਮੂਹਰੇ ਧਰਨੇ ’ਤੇ ਬੈਠੇ ਦਰਜਾ ਚਾਰ ਯੂਨੀਅਨ ਦੇ ਮੈਂਬਰਾਂ ਉਪਰ ਮਿਤੀ 1 ਸਤੰਬਰ ਦੀ ਰਾਤ ਨੂੰ ਇੱਕ ਬੇਕਾਬੂ ਕਾਰ ਚੜ੍ਹ ਜਾਣ ਕਾਰਨ ਵਾਪਰੀ ਅਣਸੁਖਾਵੀਂ ਘਟਨਾ ਵਿੱਚ ਜ਼ਖ਼ਮੀ ਹੋਏ ਕਾਮਿਆਂ ਦਾ ਨਿੱਜੀ ਤੌਰ ‘ਤੇ ਹਾਲ-ਚਾਲ ਜਾਣਨ ਸਰਕਾਰੀ ਰਾਜਿੰਦਰਾ ਹਸਪਤਾਲ ਪੁੱਜੇ ਸਨ। ਵਧੀਕ ਪ੍ਰਧਾਨ ਮੁੱਖ ਵਣ ਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਯੂਨੀਅਨ ਦੇ ਪ੍ਰਧਾਨ ਜਗਮੋਹਨ ਸਿੰਘ ਨੌਲੱਖਾ ਅਤੇ ਹੋਰ ਨੁਮਾਇੰਦਿਆਂ ਨਾਲ ਮੁਲਾਕਾਤ ਕਰਕੇ ਜ਼ਖ਼ਮੀ ਕਾਮਿਆਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਕਾਮਿਆਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਉਨ੍ਹਾਂ ਦੀਆਂ ਮੰਗਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਕਾਮਿਆਂ ਦੀਆਂ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਉਜਰਤਾਂ ਵਿੱਚ ਹੁੰਦੀ ਦੇਰੀ ਦਾ ਹੱਲ ਪੱਕੇ ਤੌਰ ‘ਤੇ ਕੱਢਣ ਲਈ ਕੇਂਦਰ ਸਰਕਾਰ ਨਾਲ ਰਾਬਤਾ ਕੀਤਾ ਗਿਆ ਹੈ। ਸੂਬਾ ਪ੍ਰਧਾਨ ਜਗਮੋਹਨ ਨੌਲੱਖਾ ਨੇ ਕਿਹਾ ਕਿ ਸਾਨੂੰ ਅੱਜ ਵਧੀਕ ਮੁੱਖ ਵਣਪਾਲ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਤਨਖ਼ਾਹਾਂ ਮੰਗਲਵਾਰ ਤੱਕ ਉਨ੍ਹਾਂ ਦੇ ਖਾਤਿਆਂ ਵਿਚ ਪੈ ਜਾਣਗੀਆਂ। ਇਸ ਮੌਕੇ ਵੱਖ-ਵੱਖ ਵਣ ਰੇਂਜ ਅਧਿਕਾਰੀ ਸਵਰਨ ਸਿੰਘ, ਇਕਬਾਲ ਸਿੰਘ, ਗੁਰਿੰਦਰ ਸਿੰਘ, ਸੋਮ ਨਾਥ ਤੇ ਅਮਨਦੀਪ ਸਿੰਘ ਆਦਿ ਵੀ ਮੌਜੂਦ ਸਨ।