ਪੱਤਰ ਪ੍ਰੇਰਕ
ਘਨੌਰ, 24 ਫਰਵਰੀ
ਯੂਨੀਵਰਸਿਟੀ ਕਾਲਜ ਘਨੌਰ ’ਚ ਚੱਲ ਰਹੇ ਸੱਤ ਰੋਜ਼ਾ ਸਾਇੰਸ ਮੇਲੇ ਦੌਰਾਨ ਕਾਲਜ ਵੱਲੋਂ ਪ੍ਰਿੰਸੀਪਲ ਡਾ. ਨੈਣਾ ਸ਼ਰਮਾ, ਤਰਨਜੀਤ ਕੌਰ, ਡਾ. ਸਰਬਜੀਤ ਕੌਰ ਅਤੇ ਪੁਨੀਤ ਕੌਰ ਦੀ ਸਾਂਝੀ ਅਗਵਾਈ ਹੇਠ ਪੰਜਾਬੀ ਯੂਨੀਵਰਸਟੀ ਪਟਿਆਲਾ ਵਿੱਚ ਪੇਂਡੂ ਉਦਮ ਪ੍ਰੋਗਰਾਮ ਤਹਿਤ ਲੋਕ-ਕਲਾ ਕਿਰਤਾਂ ਦੀ ਲਗਾਈ ਗਈ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ। ਇਸ ਪ੍ਰਦਰਸ਼ਨੀ ਦੇ ਉਦਘਾਟਨ ਸਮਾਰੋਹ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ, ਕਾਂਸਟੀਚਿਊਟ ਕਾਲਜਿਸ ਡਾਇਰੈਕਟਰ ਡਾ. ਤ੍ਰਿਸ਼ਨਜੀਤ ਕੌਰ, ਡਾਇਰੈਕਟਰ ਈ.ਐੱਮ.ਆਰ.ਸੀ. ਦਲਜੀਤ ਅਮੀ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਨੈਣਾ ਸ਼ਰਮਾ ਨੇ ਦੱਸਿਆ ਕਿ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਯੂਨੀਵਰਸਟੀ ਕਾਲਜ ਘਨੌਰ ਦੇ ਵਿਦਿਆਰਥੀਆਂ ਵੱਲੋਂ ਲਗਾਈ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਵਿੱਖ ਵਿੱਚ ਯੂਨੀਵਰਸਿਟੀ ਵਿੱਚ ਹੋਣ ਵਾਲੇ ਸਮਾਗਮਾਂ ਦੇ ਮਹਿਮਾਨਾਂ ਨੂੰ ਸਨਮਾਨਿਤ ਕਰਨ ਲਈ ਫੁਲਕਾਰੀ, ਪੱਖੀ, ਪੀੜੀ ਆਦਿ ਯੂਨੀਵਰਸਿਟੀ ਕਾਲਜ ਘਨੌਰ ਦੇ ਵਿਦਿਆਰਥੀਆਂ ਤੋਂ ਹੀ ਬਣਾਇਆ ਜਾਵੇ। ਉਨ੍ਹਾਂ ਨੇ ਲੋਕ ਕਲਾ ਕਿਰਤਾਂ ਉੱਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਲੋਗੋ ਵੀ ਲਗਾਉਣ ਲਈ ਕਿਹਾ।