ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਜਨਵਰੀ
ਭਾਜਪਾ, ਅਕਾਲੀ ਦਲ ਸੰਯੁਕਤ ਅਤੇ ਪੰਜਾਬ ਲੋਕ ਕਾਂਗਰਸ ਗੱਠਜੋੜ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਜ਼ਿਲ੍ਹੇ ਪਟਿਆਲਾ ’ਚ ਸਭ ਤੋਂ ਵੱਧ ਸੀਟਾਂ ’ਤੇ ਹੱਕ ਜਤਾਇਆ ਜਾ ਰਿਹਾ ਹੈ। ਵੈਸੇ ਤਾਂ ਚਰਚਾ ਹੈ ਕਿ ਉਹ ਜ਼ਿਲ੍ਹੇ ਵਿਚਲੀਆਂ ਸਾਰੀਆਂ ਅੱਠ ਸੀਟਾਂ ਲਈ ਅੜੇ ਹੋਏ ਹਨ। ਪਰ ਘੱਟੋ ਘੱਟ ਛੇ ਸੀਟਾਂ ਤਾਂ ਉਹ ਹਰ ਹਾਲਤ ’ਚ ਹਾਸਲ ਕਰਨਾ ਲੋਚਦੇ ਹਨ। ਇਨ੍ਹਾਂ ਵਿਚੋਂ ਪਟਿਆਲਾ ਸ਼ਹਿਰੀ ਸੀਟ ਆਪਣੇ ਲਈ ਮੰਗ ਰਹੇ ਹਨ। ਉਂਜ ਕੈਪਟਨ ਭਾਵੇਂ ਕਿ ਛੇ ਵਾਰ ਵਿਧਾਇਕ ਬਣ ਚੁੱਕੇ ਹਨ, ਪਰ ਪਟਿਆਲਾ ਸ਼ਹਿਰ ਤੋਂ 2002 ਤੋਂ 2017 ਤੱਕ ਲਗਾਤਾਰ ਚੌਥੀ ਵਾਰ ਵਿਧਾਇਕ ਹਨ। ਰਾਜਪੁਰਾ ਸੀਟ ਉਹ ਕਾਂਗਰਸ ਛੱਡ ਪੀਐਲਸੀ ’ਚ ਸ਼ਾਮਲ ਹੋਏ ਜਗਦੀਸ਼ ਜੱਗਾ ਲਈ ਮੰਗ ਰਹੇ ਹਨ। ਪਰ ਇਥੋਂ ਭਾਜਪਾ ਆਗੂ ਹਰਜੀਤ ਗਰੇਵਾਲ਼ ਚੋਣਾ ਲੜਦੇ ਆ ਰਹੇ ਹਨ ਜਿਸ ਕਰਕੇ ਰੇੜਕਾ ਬਣਿਆ ਹੋਇਆ ਹੈ। ਕੈਪਟਨ ਵੱਲੋਂ ਭਰਤਇੰਦਰ ਚਹਿਲ ਦੇ ਫਰਜੰਦ ਬਿਕਰਮਜੀਤ ਚਹਿਲ ਲਈ ਸਨੌਰ ਸੀਟ ਮੰਗੀ ਜਾ ਰਹੀ ਹੈ। ਪਟਿਆਲਾ ਦੇ ਮੌਜੂਦਾ ਮੇਅਰ ਸੰਜੀਵ ਬਿੱਟੂ ਪਟਿਆਲਾ ਦਿਹਾਤੀ ਸੀਟ ਤੋਂ ਤਿਆਰੀ ਕਰਦੇ ਹੋਣ ਕਾਰਨ ਕੈਪਟਨ ਧੜੇ ਵੱਲੋਂ ਇਸ ਸੀਟ ’ਤੇ ਵੀ ਵਧੇਰੇ ਹੱਕ ਜਤਾਇਆ ਜਾ ਰਿਹਾ ਹੈ। ਪਰ ਇਥੋਂ ਭਾਜਪਾ ਆਗੂ ਗੁਰਤੇਜ ਢਿੱਲੋਂ ਅਤੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਆਦਿ ਦੇ ਦਾਅਵੇਦਾਰ ਹੋਣ ਕਰਕੇ ਹੀ ਪੇਚ ਫਸਿਆ ਹੋਇਆ ਹੈ। ਕੈਪਟਨ ਧੜੇ ਵੱਲੋਂ ਸਮਾਣਾ ’ਤੇ ਹੀ ਹੱਕ ਜਤਾਇਆ ਜਾ ਰਿਹਾ ਹੈ, ਜਿਥੋਂ ਹਾਲ ਹੀ ’ਚ ਕਾਂਗਰਸ ਛੱਡ ਕੇ ਪੀਐਲਸੀ ’ਚ ਸ਼ਾਮਲ ਹੋਏ ਚੇਅਰਮੈਨ ਲਾਲ ਸਿੰਘ ਦੇ ਸਾਬਕਾ ਰਾਜਸੀ ਸਲਾਹਕਾਰ ਸੁਰਿੰਦਰ ਸਿੰਘ ਖੇੜਕੀ ਦਾਅਵੇਦਾਰ ਹਨ। ਕੈਪਟਨ ਧੜਾ ਰਾਖਵੇਂ ਹਲਕੇ ਸ਼ੁਤਰਾਣਾ ਦੀ ਸੀਟ ਵੀ ਮੰਗ ਰਿਹਾ ਹੈ। ਇਥੋਂ ਮਰਹੂਮ ਸਾਬਕਾ ਮੰਤਰੀ ਹਮੀਰ ਸਿੰਘ ਦਾ ਪੁੱਤਰ ਹਰਸ਼ਦੀਪ ਲਾਡੀ ਅਤੇ ਕੁਝ ਹੀ ਦਿਨ ਪਹਿਲਾਂ ‘ਆਪ’ ਛੱਡ ਕੇ ਪੀਐਲਸੀ ’ਚ ਸ਼ਾਮਲ ਹੋਏ ਬਾਜੀਗਰ ਸੈੱਲ ਦੇ ਪ੍ਰਧਾਨ ਨਰੈਣ ਸਿੰਘ ਨਰਸੋਤ ਟਿਕਟ ਦੇ ਦਾਅਵੇਦਾਰ ਹਨ। ਇਸ ਤਰ੍ਹਾਂ ਸਾਬਕਾ ਮੁੱਖ ਮੰਤਰੀ ਲਈ ਉਨ੍ਹਾਂ ਸਮੇਤ ਸਾਰੇ ਹੀ ਛੇ ਦਾਅਵੇਦਾਰ ਅਹਿਮ ਹਨ। ਉਧਰ ਪਟਿਆਲਾ ਦਿਹਾਤੀ, ਸਨੌਰ ਅਤੇ ਘਨੌਰ ਸੀਟਾਂ ‘ਤੇ ਢੀਂਡਸਾ ਧੜਾ ਵੀ ਹੱਕ ਜਤਾ ਰਿਹਾ ਹੈ।