ਖੇਤਰੀ ਪ੍ਰਤੀਨਿਧ
ਪਟਿਆਲਾ, 26 ਜੂਨ
ਪੰਜ ਪੰਜਾਬ ਬਟਾਲੀਅਨ ਐੱਨ ਸੀ ਸੀ ਦੇ ਕਮਾਂਡਿੰਗ ਅਫਸਰ ਕਰਨਲ ਐਨ ਐਸ ਕਲਸੀ ਦੀ ਅਗਵਾਈ ਹੇਠਸਾਲਾਨਾ ਟਰੇਨਿੰਗ ਕੈਂਪ ਪਿੰਡ ਫਤਿਹਪੁਰ ਰਾਜਪੂਤਾਂ ਦੇ ਨਵੋਦਿਆ ਵਿਦਿਆਲਿਆ ਵਿੱਚ ਚੱਲ ਰਿਹਾ ਹੈ। ਰੈੱਡ ਕਰਾਸ ਤੋਂ ਜ਼ਿਲ੍ਹਾ ਟਰੇਨਿੰਗ ਅਫਸਰ ਵਜੋਂ ਸੇਵਾਮੁਕਤ ਸ੍ਰੀ ਕਾਕਾ ਰਾਮ ਵਰਮਾ ਨੇ ਪੰਜਾਬ ਦੇ ਵੱਖ ਵੱਖ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਤੋਂ ਇਸ ਕੈਂਪ ਵਿੱਚ ਭਾਗ ਲੈ ਰਹੇ ਜੂਨੀਅਰ ਅਤੇ ਸੀਨੀਅਰ ਕੈਡਿਟਾਂ ਨੂੰ ਗੁਰ ਸਿਖਾਏ।
ਉਨ੍ਹਾਂ ਨੇ ਵਾਲੰਟੀਅਰਾਂ ਨੂੰ ਸੀਪੀ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ, ਜ਼ਖ਼ਮੀਆਂ ਦੀ ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਸੇਵਾ ਸੰਭਾਲ, ਦਿਲ ਦੇ ਦੌਰੇ, ਸਾਹ, ਦਿਲ ਜਾਂ ਦਿਮਾਗ ਦੇ ਰੁਕਣ, ਖੂਨ ਵਗਣਾ, ਘਰ ਵਿੱਚ ਗੈਸ ਲੀਕ ਹੋਣ, ਸੜਕ ਹਾਦਸੇ ਦੌਰਾਨ ਸਿਰ ਦੀ ਸੱਟ ਅਤੇ ਅੰਦਰੂਨੀ ਰਤਵਾਹ ਆਦਿ ਸਮੇਂ ਪੀੜਤਾਂ ਦੀ ਜਾਨ ਬਚਾਉਣ ਬਾਰੇ ਸਿਖਲਾਈ ਦਿੱਤੀ। ਕਾਕਾ ਰਾਮ ਵਰਮਾ ਨੇ ਕੈਡਿਟਾਂ ਨੂੰ ਸਟੇਜ ’ਤੇ ਬੁਲਾ ਕੇ ਪ੍ਰੈਕਟੀਕਲ ਵੀ ਕਰਵਾਏ।
ਚੰਗੇ ਪ੍ਰਦਰਸ਼ਨ ਕਰਨ ਵਾਲੇ ਕੈਡਿਟਾਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਟਰੇਨਿੰਗ ਲੈ ਰਹੇ ਅਧਿਆਪਕਾਂ ਨੂੰ ਵੀ ਫਸਟ ਏਡ ਸੀ ਪੀ ਆਰ ਸਰਟੀਫਿਕੇਟ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ।