ਪੱਤਰ ਪ੍ੇਰਕ
ਪਾਤੜਾਂ, 25 ਜੂਨ
ਉੱਤਰੀ ਭਾਰਤ ਵਿੱਚ ਪੁਰਾਣੀਆਂ ਕਾਰਾਂ ਦੀ ਵੇਚ ਖ਼ਰੀਦ ਲਈ ਮਸ਼ਹੂਰ ਪਾਤੜਾਂ ਦੇ ਕਾਰ ਬਾਜ਼ਾਰ ਵਿੱਚ ਕਾਰਾਂ, ਗੱਡੀਆਂ ਦੇ ਪੁਰਾਣੇ ਸਪੇਅਰ ਪਾਰਟਸ ਦਾ ਕੰਮ ਕਰਨ ਵਾਲਿਆਂ ਵੱਲੋਂ ਵੱਡਾ ਗੋਲਮਾਲ ਕੀਤਾ ਜਾ ਰਿਹਾ ਹੈ । ਕਾਰ ਬਾਜ਼ਾਰ ਦਾ ਕੰਮ ਚਰਚਾ ਵਿੱਚ ਆਉਣ ਮਗਰੋਂ ਗੱਡੀਆਂ ਦੀ ਮੁਰੰਮਤ ਦੇ ਕਾਰੀਗਰਾਂ ਅਤੇ ਹੋਰ ਸਾਜ਼ੋ ਸਾਮਾਨ ਦੀਆਂ ਦੁਕਾਨਾਂ ਦਾ ਵੀ ਸ਼ਹਿਰ ਵਿੱਚ ਵੱਡੇ ਪੱਧਰ ਉੱਤੇ ਬੋਲਬਾਲਾ ਹੋ ਗਿਆ। ਕਬਾੜ ਦਾ ਕੰਮ ਕਰਨ ਵਾਲੇ ਕੁਝ ਦੁਕਾਨਦਾਰ ਬਾਹਰੋਂ ਖਰੀਦ ਕੇ ਲਿਆਂਦੀਆਂ ਜਾਂਦੀਆਂ ਗੱਡੀਆਂ ਦੀ ਵੱਢ ਟੁੱਕ ਕਰਕੇ ਇਕੱਲੇ ਇਕੱਲੇ ਪਾਰਟਸ ਨੂੰ ਵੇਚ ਦਿੰਦੇ ਹਨ। ਇਸ ਧੰਦੇ ਨਾਲ ਜੁੜੇ ਇੱਕ ਵਿਅਕਤੀ ਨੇ ਆਪਣਾ ਨਾਂ ਨਾ ਛਾਪੇ ਜਾਣ ਦੀ ਸ਼ਰਤ ਉੱਤੇ ਦੱਸਿਆ ਕਿ ਕਬਾੜੀਆਂ ਵੱਲੋਂ ਲਿਆਂਦੀਆਂ ਜਾਂਦੀਆਂ ਜ਼ਿਆਦਾਤਰ ਗੱਡੀਆਂ ਉੱਤਰ ਪ੍ਰਦੇਸ਼ ਦੇ ਮੇਰਠ ਅਤੇ ਦਿੱਲੀ ਤੋਂ ਲਿਆਂਦੀਆਂ ਜਾਂਦੀਆਂ ਹਨ । ਕਬਾੜ ਦੇ ਰੂਪ ਵਿੱਚ ਪੁਰਾਣੀਆਂ ਗੱਡੀਆਂ ਖਰੀਦਣ ਦੇ ਨਾਮ ਉੱਪਰ ਚੋਰੀ ਹੋਈਆਂ ਗੱਡੀਆਂ ਵੀ ਮਾਰਕੀਟ ਵਿੱਚ ਆਮ ਪਹੁੰਚਦੀਆਂ ਹਨ ਜਿਨ੍ਹਾਂ ਦੀਆਂ ਨੰਬਰ ਪਲੇਟਾਂ ਸਮੇਤ ਇੰਜਣ ਤੇ ਚਾਸੀ ਨੰਬਰ ਇਨ੍ਹਾਂ ਕਬਾੜੀਆਂ ਵੱਲੋਂ ਤੁਰੰਤ ਗਾਇਬ ਕਰ ਦਿੱਤੇ ਜਾਂਦੇ ਹਨ । ਥਾਣਾ ਮੁਖੀ ਪਾਤੜਾਂ ਦੇ ਇੰਸਪੈਕਟਰ ਗੁਰਦੇਵ ਸਿੰਘ ਨੇ ਦੱਸਿਆ ਕਿ ਸਿਟੀ ਪੁਲੀਸ ਨੇ ਬਿਨਾਂ ਨੰਬਰ ਤੋਂ ਇੱਕ ਵਧੀਆ ਹਾਲਤ ਵਿੱਚ ਇਨੋਵਾ ਕ੍ਰਿਸਟਾ ਗੱਡੀ ਫੜੀ ਸੀ ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ ।