ਪੱਤਰ ਪ੍ਰੇਰਕ
ਰਾਜਪੁਰਾ, 3 ਸਤੰਬਰ
ਇੱਥੋਂ ਦੀ ਇੱਕ ਨਵ-ਵਿਆਹੁਤਾ ਨੂੰ ਸਹੁਰਾ ਪਰਿਵਾਰ ਵੱਲੋਂ ਦਾਜ ਦੀ ਮੰਗ ਲਈ ਕਥਿਤ ਤੌਰ ’ਤੇ ਪ੍ਰੇਸ਼ਾਨ ਕੀਤੇ ਜਾਣ ’ਤੇ ਘਰ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਸ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਥਾਣਾ ਸਿਟੀ ਦੀ ਪੁਲੀਸ ਨੇ ਦੱਸਿਆ ਕਿ ਪ੍ਰਭਜੋਤ ਕੌਰ ਵਾਸੀ ਧਰਮਪੁਰਾ ਕਲੋਨੀ ਰਾਜਪੁਰਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਵਿਆਹ ਲਖਵਿੰਦਰ ਸਿੰਘ ਨਾਲ ਹੋਇਆ ਸੀ। ਉਸ ਨੇ ਦੋਸ਼ ਲਾਇਆ ਕਿ ਬਾਅਦ ਵਿੱਚ ਉਹ ਉਸ ਨੂੰ ਹੋਰ ਦਾਜ ਲਿਆਉਣ ਲਈ ਤੰਗ ਕਰਨ ਲੱਗੇ ਜਿਸ ਕਾਰਨ ਉਹ ਆਪਣੇ ਪੇਕੇ ਆ ਗਈ। ਪੁਲੀਸ ਨੇ ਦੱਸਿਆ ਕਿ ਸ਼ਿਕਾਇਤ ’ਤੇ ਲਖਵਿੰਦਰ ਸਿੰਘ, ਸਹੁਰਾ ਬਲਦੇਵ ਸਿੰਘ ਅਤੇ ਨਨਾਣ ਸੁਖਵਿੰਦਰ ਕੌਰ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।