ਗੁਰਨਾਮ ਸਿੰਘ ਅਕੀਦਾ
ਪਟਿਆਲਾ, 21 ਅਕਤੂਬਰ
ਬ੍ਰਾਹਮਣ ਸਮਾਜ ਵੈੱਲਫੇਅਰ ਫ਼ਰੰਟ ਪੰਜਾਬ ਵੱਲੋਂ 5 ਪ੍ਰਤੀਸ਼ਤ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਅੱਜ ਪਟਿਆਲਾ ਮਿੰਨੀ ਸਕੱਤਰੇਤ ਅੱਗੇ ਸੂਬਾ ਪ੍ਰਧਾਨ ਐਡਵੋਕੇਟ ਹਰਿੰਦਰਪਾਲ ਸ਼ਰਮਾ ਕੋਰਜੀਵਾਲਾ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ ਅਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਏ.ਡੀ.ਸੀ. ਪਟਿਆਲਾ ਰਾਹੀਂ ਮੰਗ ਪੱਤਰ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਅਸ਼ਵਨੀ ਭਾਸਕਰ ਸ਼ਾਸਤਰੀ ਅਤੇ ਬਲਕਾਰ ਚੰਦ ਸ਼ਰਮਾ ਨੇ ਕਿਹਾ ਕਿ ਬ੍ਰਾਹਮਣ ਸਮਾਜ ਵੈੱਲਫੇਅਰ ਫ਼ਰੰਟ ਪੰਜਾਬ ਵੱਲੋਂ ਪੰਜਾਬ ਵਿੱਚ ਤਿੰਨ ਸਾਲ ਸੰਘਰਸ਼ ਕਰਕੇ ਬ੍ਰਾਹਮਣ ਭਲਾਈ ਬੋਰਡ ਬਣਾਉਣ ਵਿੱਚ ਸਫਲਤਾ ਹਾਸਲ ਕੀਤੀ ਪਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਈ ਜ਼ਿਲ੍ਹਿਆਂ ਨੂੰ ਬ੍ਰਾਹਮਣ ਭਲਾਈ ਬੋਰਡ ਵਿੱਚ ਨੁਮਾਇੰਦਗੀ ਨੂੰ ਜਾਣਬੁੱਝ ਕੇ ਅਣਦੇਖਿਆ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਈਸ਼ਵਰ ਚੰਦ ਨੇ ਕਿਹਾ ਕਿ ਉਹ ਬ੍ਰਾਹਮਣ ਸਮਾਜ ਲਈ 5 ਪ੍ਰਤੀਸ਼ਤ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਪਟਿਆਲਾ ਜ਼ਿਲ੍ਹੇ ਵਿੱਚ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਜਿਹੜੀ ਰਾਜਨੀਤਿਕ ਪਾਰਟੀ ਉਨ੍ਹਾਂ ਦੀਆਂ ਮੰਗਾਂ ਨੂੰ ਆਪਣੇ ਚੋਣ ਮਨੋਰਥ ਵਿੱਚ ਪਾਵੇਗੀ ਬ੍ਰਾਹਮਣ ਸਮਾਜ ਵੈੱਲਫੇਅਰ ਫ਼ਰੰਟ ਪੰਜਾਬ ਉਸ ਰਾਜਨੀਤਿਕ ਪਾਰਟੀ ਦਾ ਖੁੱਲ ਕੇ ਸਮਰਥਨ ਕਰੇਗਾ। ਧਰਨੇ ਵਿੱਚ ਮੰਜੂ ਸ਼ਰਮਾ, ਅੰਜਲੀ ਪਾਂਡੇ, ਮੀਨੂੰ, ਦਰਸ਼ਨ ਸਿੰਘ ਪੀ.ਆਰ.ਟੀ.ਸੀ., ਚੰਦੂ ਪ੍ਰਧਾਨ, ਗਿਆਨ ਚੰਦ ਪਿੰਡ ਆਕੜ, ਭੂਸ਼ਣ ਸ਼ਰਮਾ ਜਨਰਲ ਸਕੱਤਰ, ਆਤਮਾ ਰਾਮ ਧਬਲਾਨ ਆਦਿ ਹਾਜ਼ਰ ਸਨ।